ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 202


ਪਸੂ ਖੜਿ ਖਾਤ ਖਲ ਸਬਦ ਸੁਰਤਿ ਹੀਨ ਮੋਨਿ ਕੋ ਮਹਾਤਮੁ ਪੈ ਅੰਮ੍ਰਿਤ ਪ੍ਰਵਾਹ ਜੀ ।

ਪਸ਼ੂ ਘਾਹ ਅਥਵਾ ਤੇਲ ਥਿੰਧੇ ਤੋਂ ਰਹਿਤ ਸਰ੍ਹੋਂ ਆਦਿ ਦਾ ਫੋਕ ਰੂਪ ਖਲ ਰੁੱਖਾ ਪਦਾਰਥ ਖਾਂਦਾ ਹੈ, ਅਰੁ ਖਲ ਮੂਰਖ ਹੈ ਸ਼ਬਦ ਦੀ ਸੁਰਤਿ ਸੋਝੀ ਤੋਂ ਹੀਣਾ ਹਾਂ ਐਸਾ ਵੈਸਾ ਫੋਕੜ ਰੂਪ ਪਦਾਰਥ ਘਾਹ ਆਦਿ ਖਾ ਕੇ ਸਬਰ ਸੰਤੋਖ ਧਾਰੀ ਰੱਖਦਾ ਹੈ ਤੇ ਸ਼ਿਕਾਯਤ ਵਲੋਂ ਰਸਨਾ ਨੂੰ ਸੰਕੋਚੀ ਰਖਦਾ ਹੈ। ਜਿਸ ਮੋਨ ਚੁੱਪ ਸਾਧਨ ਦਾ ਫਲ ਓਸ ਦੇ ਅੰਦਰੋਂ ਪੈ ਦੁਧ ਰੂਪ ਅੰਮ੍ਰਿਤ ਦਾ ਪਵਾਹ ਚੱਲ ਆਯਾ ਕਰਦਾ ਹੈ ਹੇ ਪਿਆਰਿਓ!

ਨਾਨਾ ਮਿਸਟਾਨ ਖਾਨ ਪਾਨ ਮਾਨਸ ਮੁਖ ਰਸਨਾ ਰਸੀਲੀ ਹੋਇ ਸੋਈ ਭਲੀ ਤਾਹਿ ਜੀ ।

ਨਾਨਾ ਭਾਂਤ ਦੇ ਮਿੱਠੇ ਮਿੱਠੇ ਅੰਨ ਅਹਾਰ ਮਿਠਿਆਈਆਂ ਆਦਿ ਖਾਂਦਾ ਤੇ ਐਸੇ ਹੀ ਸ੍ਵਾਦੀਕ ਪਦਾਰਥ ਸੋਡੇ ਸ਼ਰਬਤ ਆਦਿ ਮੁਖ ਦ੍ਵਾਰੇ ਇਹ ਮਨੁੱਖ ਪੀਂਦਾ ਹੈ, ਪਰ ਜੇਕਰ ਮਿੱਠਾ ਮਿੱਠਾ ਖਾ ਪੀ ਕੇ ਇਸ ਦੀ ਰਸਨਾ ਰਸੀਲੀ ਮਿਠੀ ਮਿਠ ਬੋਲੀ ਬਣ ਜਾਵੇ, ਤਾਂ ਹੀ ਤਿਸ ਦੇ ਵਾਸਤੇ ਇਹ ਭਲੀ ਹੋ ਸਕਦੀ ਹੈ ਜੀ।

ਬਚਨ ਬਿਬੇਕ ਟੇਕ ਮਾਨਸ ਜਨਮ ਫਲ ਬਚਨ ਬਿਹੂਨ ਪਸੁ ਪਰਮਿਤਿ ਆਹਿ ਜੀ ।

ਅਰਥਾਤ ਜੇਕਰ ਨੇਮ ਧਾਰ ਲਵੇ ਕਿ ਬਚਨ ਬਾਣੀ ਵੀਚਾਰ ਕੇ ਹੀ ਬੋਲਨੀ ਹੋ ਅਥਵਾ ਜਾਂ ਬੋਲੇ ਤਾਂ ਬ੍ਰਹਮਗਿਆਨ ਪ੍ਰਮਾਣ ਅਨੁਸਾਰ ਬ੍ਰਹਮਗਿਆਨ ਮਈ ਬਚਨ ਹੀ ਬੋਲਣ ਦੀ ਪ੍ਰਤਿਗ੍ਯਾ ਵਾਲੇ ਪ੍ਰਣ ਰੂਪ ਟੇਕ ਨੂੰ ਧਾਰੀ ਰਖੇ ਤਾਂ ਇਹ ਮਨੁੱਖ ਜਨਮ ਫਲ ਵਾਲਾ ਸਮਝਨਾ ਨਹੀਂ ਤਾਂ ਸ਼ਬਦ ਬਿਬੇਕ ਦੀ ਟੇਕੋਂ ਹੀਣਾ ਮਨੁੱਖ ਪਰਮ ਪਸ਼ੂ ਪਸ਼ੂਆਂ ਤੋ ਭੀ ਵੱਧ ਪਸ਼ੂ ਭਾਵ ਨੀਚ ਪਸ਼ੂਆਂ ਦੀ ਇਤੀ ਹੱਦ ਹੋਈ ਹੋਈ ਉਥੇ ਸਮਝੋ ਜੀ।

ਮਾਨਸ ਜਨਮ ਗਤਿ ਬਚਨ ਬਿਬੇਕ ਹੀਨ ਬਿਖਧਰ ਬਿਖਮ ਚਕਤ ਚਿਤੁ ਚਾਹਿ ਜੀ ।੨੦੨।

ਨੀਚਾਂ ਤੋਂ ਨੀਚ ਪਸ਼ੂ ਸਪਸ਼ਟ ਕਰਦੇ ਹੋਏ ਮਾਨੋ ਜ਼ੋਰਦਾਰ ਸ਼ਬਦਾਂ ਵਿਚ ਮੁੜ ਆਖਦੇ ਹਨ ਕਿ ਸ਼ਬਦ ਗਿਆਨ ਤੋਂ ਰਹਿਤ ਮਨੁੱਖ ਜਨਮ ਦੀ ਦਸ਼ਾ ਭਾਰੇ ਭਿਆਨਕ ਵਿਹੁਲੇ ਜ਼ਹਿਰੀਏ ਸੱਪ ਸ੍ਰੀਖੀ ਹੁੰਦੀ ਹੈ, ਜੋ ਚਿੱਤ ਦੀਆਂ ਚਾਹਨਾਂ ਰੂਪ ਵਿਹੁ ਨਾਲ ਚਕਿਤ ਪ੍ਰੇਸ਼ਾਨ ਵਿਖਿਪਤ ਬੌਰਾਯਾ ਹੋਯਾ ਡਾਂਵਾਂ ਡੋਲ ਰਹਿੰਦਾ ਚੁਰਾਸੀ ਦਾ ਗੇੜਾ ਮੁੜ ਮੁੜ ਲੌਂਦਾ ਰਹਿੰਦਾ ਹੈ ਜੀ ਭਾਈ ਜਨੋ! ॥੨੦੨॥


Flag Counter