ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 8


ਸੋਰਠਾ ।

ਗੁਰੂ ਮਹਾਰਾਜ ਜੀ ਦਾ ਅਕਾਲ ਪੁਰਖ ਸਰੂਪ ਵਰਨਣ:

ਬਿਸਮਾਦਹਿ ਬਿਸਮਾਦ ਅਸਚਰਜਹਿ ਅਸਚਰਜ ਗਤਿ ।

ਬਿਸਮਾਦ ਤੋਂ ਬਿਸਮਾਦ ਮਹਾਨ ਤੋਂ ਮਹਾਨ ਅਚੰਭੇ ਵਿਚ ਪਾਣ ਵਾਲਾ ਅਰੁ ਅਸਚਰਜ ਤੋਂ ਭੀ ਅਸਚਰਜ ਮਹਾਂ ਅਪੂਰਬ,

ਆਦਿ ਪੁਰਖ ਪਰਮਾਦਿ ਅਦਭੁਤ ਪਰਮਦਭੁਤ ਭਏ ।੧।੮।

ਅਲੌਕਿਕ ਚਮਤਕਾਰ ਸਰੂਪੀ ਗਿਆਨ ਹੈ ਗੁਰੂ ਸਾਹਿਬ ਦਾ ਈਸ਼ਵਰ ਔਰ ਮਾਇਆ ਆਦਿ ਸਭਨਾਂ ਆਦਿ ਰੂਪਾਂ ਦੇ ਆਦਿ ਪਹਿਲੇ ਹੀ ਇਸਥਿਤ ਰੂਪ ਮਹਾਨ ਤੋਂ ਮਹਾਨ ਵਿਲੱਖਣ ਅਨੋਖੇ ਭਾਵ ਤੋਂ ਭੀ ਅਦਭੁਤ ਵਿਲੱਖਣ ਸਰੂਪ ਪੁਰਖ ਨਰ ਤਨ ਧਾਰੀ ਉਹ ਹੋਏ ਹਨ ॥੨੨॥

ਦੋਹਰਾ ।

ਓਹੋ ਹੀ ਸਿਧਾਂਤ ਮੁੜ:

ਅਸਚਰਜਹਿ ਅਸਚਰਜ ਗਤਿ ਬਿਸਮਾਦਹਿ ਬਿਸਮਾਦ ।

ਚੇਸ਼ਟਾ ਗਤਿ ਓਨਾਂ ਦੀ ਅਸਚਰਜ ਤੋਂ ਭੀ ਅਸਚਰਜ ਅਤ੍ਯੰਤ ਕਰ ਕੇ ਚਮਤਕਾਰੀ ਵਿਸਮਾਦ ਨੂੰ ਭੀ ਵਿਸਮਾਦ ਅਚੰਭੇ ਵਿਚ ਪੌਣ ਵਾਲੀ-

ਅਦਭੁਤ ਪਰਮਦਭੁਤ ਭਏ ਆਦਿ ਪੁਰਖ ਪਰਮਾਦਿ ।੨।੮।

ਤਥਾ ਆਸਚਰਜਤਾ ਵਿਖੇ ਪੌਣ ਹਾਰੀ ਐਸੀ ਕਿ ਉਸ ਤੋਂ ਵਧ ਕੇ ਕੋਈ ਅਦਭੁਤ ਅਨੋਖਾ ਹੋ ਹੀ ਨਹੀ ਸਕਦਾ, ਇਸ ਭਾਂਤ ਦੇ ਆਦਿ ਰਹਿਤ ਪਰਮ +ਆਦਿ, ਆਦਿ ਪੁਰਖ ਉਹ ਹੋਏ ਹਨ ॥੨੩॥

ਛੰਦ ।

ਆਦਿ ਪੁਰਖ ਪਰਮਾਦਿ ਸ੍ਵਾਦ ਰਸ ਗੰਧ ਅਗੋਚਰ ।

ਪਰਮਾਦਿ' 'ਪਰਮਦਭੁਤ' ਆਦੀ ਵਿਸ਼ੇਸ਼ਣਾਂ ਸੰਜੁਗਤ ਨਿਰੂਪਣ ਕੀਤੇ ਗਏ, ਆਦਿ ਪੁਰਖ ਸਤਿਗੁਰੂ ਸ੍ਵਾਦ ਰਸ ਦੀ ਆਧਾਰ ਰਸਨਾ ਅਰੁ ਗੰਧ ਬਾਸਨਾ ਦੀ ਆਧਾਰ ਨਾਸਿਕਾ ਇੰਦ੍ਰੀ ਤੋਂ ਅਗੋਚਰ ਹਨ (ਅ+ਗੋ+ਚਰ = ਗੋ ਨਾਮ ਇੰਦ੍ਰੀਆਂ ਦਾ ਤੇ +ਚਰ = ਓਨਾਂ ਵਿਖੇ ਵਿਚਰਣੇ ਯਾ ਵਰਤਨੇ ਵਾਲਾ ਐਸਾ ਜੋ ਇੰਦ੍ਰੀਆਂ ਦਾ ਵਿਖ੍ਯ ਪਦਾਰਥ ਹੋਵੇ ਓਸ ਨੂੰ ਗੋਚਰ ਕਹਿੰਦੇ ਹਨ, ਤੇ 'ਅ' ਅਖ੍ਯਰ ਨਿਖੇਧੀ ਵਾਚਕ, ਜਿਸ ਕਰ ਕੇ ਅਗੋਚਰ' ਸ਼ਬਦ ਸਿੱਧ ਹੋਇਆ, ਭਾਵ ਜੋ ਉਕਤ ਇੰਦ੍ਰੀਆਂ ਦਾ ਵਿਖ੍ਯ ਨਹੀਂ ਹੋਵੇ।

ਦ੍ਰਿਸਟਿ ਦਰਸ ਅਸ ਪਰਸ ਸੁਰਤਿ ਮਤਿ ਸਬਦ ਮਨੋਚਰ ।

ਐਸਾ ਹੀ ਦਰਸ਼ਨ ਦੀ ਆਧਾਰ ਨੇਤ੍ਰ, ਇੰਦ੍ਰੀ, ਅਰੁ ਅ+ਸਪਰਸ਼ ਤੁਚਾ ਇੰਦ੍ਰੀ ਜੋ ਸਪਰਸ਼ ਦੀ ਆਧਾਰ ਹੈ ਓਨਾਂ ਤੋਂ ਭੀ ਵਿਯ ਹੋਣੇ ਜੋਗ ਨਹੀਂ ਤੈਸਾ ਹੀ ਸ਼ਬਦ ਦੀ ਆਧਾਰ ਸੁਰਤਿ ਕੰਨ ਇੰਦ੍ਰੀ, ਅਤੇ ਮਤਿ ਮਨਨ ਕਰਤਾ ਬਿਰਤੀ ਮਨ ਦੀ ਤੋਂ ਉੱਚਾ ਹੋ ਕੇ ਵਰਤਨ ਵਾਲੇ ਹਨ। ਮਨੋਚਰ = ਮਨ +)ਉਚ+ਚਰ ਰੂਪ ਮਿਸ਼ਰਤ ਸ਼ਬਦਾਂ ਦੀ ਸੰਧੀ ਜੋੜ ਹੋ ਕੇ ਬਣਿਆ ਹੋਇਆ ਹੈ। ਉਪਰੋਕਤ ਸਮੂਹ ਕਥਨ ਦਾ ਭਾਵ ਇਹ ਹੈ ਕਿ ਸਤਿਗੁਰੂ ਇੰਦ੍ਰੀਆਂ ਤਥਾ ਮਨ ਦੀ ਗੰਮਤਾ ਗੋਚਰੇ ਕਿਸੇ ਪ੍ਰਕਾਰ ਭੀ ਨਹੀਂ ਹਨ।

ਲੋਗ ਬੇਦ ਗਤਿ ਗਿਆਨ ਲਖੇ ਨਹੀਂ ਅਲਖ ਅਭੇਵਾ ।

ਇਸ ਤਰ੍ਹਾਂ ਲੋਗ+ਗਤਿ = ਲੋਕਾਚਾਰ ਲੌਕਿਕ ਗਿਆਨ ਪਰਤੱਖ ਚਾਲੀ ਅਰੁ ਭੇਦ ਗਿਆਨ ਸ਼ਬਦ ਪ੍ਰਮਾਣ ਦ੍ਵਾਰੇ ਭੀ ਅਲਖ ਅਭੇਵ ਸਤਿਗੁਰੂ ਨਹੀਂ ਲਖੇ ਜਾਣੇ ਜਾ ਸਕਦੇ।

ਨੇਤ ਨੇਤ ਕਰਿ ਨਮੋ ਨਮੋ ਨਮ ਸਤਿਗੁਰ ਦੇਵਾ ।੩।੮।

ਤਾਂ ਤੇ ਨੇਤਿ = ਨ ਇਤੀ = ਨਹੀਂ ਇਸ ਪ੍ਰਕਾਰ, ਨਹੀਂ ਐਸਾ ਵੈਸਾ ਕਰ ਕੇ ਕਥੇ ਜਾਣ ਵਾਲੇ ਹੋਣ ਕਾਰਣ ਪ੍ਰਕਾਸ਼ ਸਰੂਪ ਸਤਿਗੁਰਾਂ ਤਾਈਂ ਨਮਸਕਾਰ ਹੀ ਬਾਰੰਬਾਰ ਕਰਦਾ ਹਾਂ ॥੨੪॥


Flag Counter