ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 352


ਜਉ ਜਾਨੈ ਅਨੂਪ ਰੂਪ ਦ੍ਰਿਗਨ ਕੈ ਦੇਖੀਅਤ ਲੋਚਨ ਅਛਤ ਅੰਧ ਕਾਹੇ ਤੇ ਨ ਪੇਖਹੀ ।

ਜੇ ਕਰ ਕੇ ਜਾਣੀਏ ਕਿ ਸੁੰਦ੍ਰ ਸਰੂਪ ਦੇ ਦਰਸ਼ਨ ਨੇਤ੍ਰਾਂ ਦ੍ਵਾਰੇ ਤੱਕੀਦੇ ਹਨ ਪਰ ਅੰਨ੍ਹੇ ਐਹੋ ਜੇਹੇ ਭੀ ਹੁੰਦੇ ਹਨ, ਕਿ ਜਿਨਾਂ ਦੀਆਂ ਅੱਖੀਆਂ ਨੌ ਬਰ ਨੌ ਜਾਪਦੀਆਂ ਹਨ ਕਿੰਤੂ ਦੀਹਦਾ ਕੱਖ ਨਹੀਂ, ਸੋ ਐਸਾ ਦੇਖਨ ਮਾਤ੍ਰ ਦੇ ਲੋਚਨ ਅਛਤ ਦੀਦੇ ਹੁੰਦਿਆਂ ਅੰਨ੍ਹਾਂ ਕ੍ਯੋਂ ਨਹੀਂ ਦੇਖ ਸਕ੍ਯਾ ਕਰਦਾ।

ਜਉ ਜਾਨੈ ਸਬਦੁ ਰਸ ਰਸਨਾ ਬਖਾਨੀਅਤ ਜਿਹਬਾ ਅਛਤ ਕਤ ਗੁੰਗ ਨ ਸਰੇਖ ਹੀ ।

ਜੇਕਰ ਜਾਣੀਏ ਸ਼ਬਦ ਦੇ ਰਸ ਨੂੰ ਰਸਨਾ ਹੀ ਵਰਨਣ ਕਰ ਸਕਦੀ ਹੈ ਤਾਂ ਗੁੰਗਾ ਆਦਮੀ ਜੀਭ ਦੇ ਪ੍ਰਤੱਖ ਵਿਚ ਹੁੰਦ੍ਯਾਂ ਸੁੰਦ੍ਯਾਂ ਬੋਲਨ ਵਾਲਿਆਂ ਸਰੀਖਾ ਕ੍ਯੋਂ ਨਹੀਂ ਕਰ ਸਕਦਾ ਭਾਵ ਕਿਸ ਕਾਰਣ ਕਰ ਕੇ ਨਹੀਂ ਬੋਲ ਸਕਦਾ।

ਜਉਪੈ ਜਾਨੇ ਰਾਗ ਨਾਦ ਸੁਨੀਅਤ ਸ੍ਰਵਨ ਕੈ ਸ੍ਰਵਨ ਸਹਤ ਕਿਉ ਬਹਰੋ ਬਿਸੇਖ ਹੀ ।

ਜੇਕਰ ਜਾਣੀਏ ਕਿ ਰਾਗ ਨਾਦ ਕੰਨਾਂ ਦ੍ਵਾਰੇ ਸੁਣੀਦਾ ਹੈ ਤਾਂ ਕੰਨਾਂ ਸਮੇਤ ਬੋਲੇ ਦੇ ਹੁੰਦ੍ਯਾਂ ਹੋਯਾਂ ਭੀ ਕ੍ਯੋਂ ਓਸ ਵਿਚ ਵਿਸ਼ੇਖਤਾ ਫਰਕ ਪਿਆ ਕਰਦਾ ਹੈ ਅਰਥਾਤ ਦੂਸਰੇ ਸੁਣਦੇ ਹਨ ਤੇ ਇਹ ਨਹੀਂ ਸੁਣ ਸਕਦਾ।

ਨੈਨ ਜਿਹਬਾ ਸ੍ਰਵਨ ਕੋ ਨ ਕਛੂਐ ਬਸਾਇ ਸਬਦ ਸੁਰਤਿ ਸੋ ਅਲਖ ਅਲੇਖ ਹੀ ।੩੫੨।

ਸੱਚ ਪੁੱਛੋ ਤਾਂ ਅੱਖਾਂ ਦੇ ਰਸਨਾ ਦੇ ਵਾ ਕੰਨਾਂ ਦੇ ਵੱਸ ਕੁਛ ਨਹੀਂ ਚਾਹੇ ਸਤਿਗੁਰੂ ਵਾ ਸਤਿਸੰਗ ਸਮਾਗਮ ਦੇ ਜੋੜ ਮੇਲਿਆਂ ਦੀ ਰੌਣਕ ਅੱਖਾਂ ਨਾਲ ਕੋਈ ਕਿੰਨਾ ਤੱਕ ਛਡੇ, ਅਥਵਾ ਸ਼ਬਦ ਕੀਰਤਨ ਦੀ ਬੁਲੇਲ ਕੰਨੀਂ ਸੁਣ ਆਵੇ, ਯਾ ਅਪਣੀ ਵਿਦ੍ਯਾ ਚਤੁਰਾਈ ਦੇ ਚਮਤਕਾਰ ਵਜੋਂ ਚਰਚਾ ਗੋਸ਼ਟ ਭੀ ਕਰ ਕੇ ਸਿਰ ਖਪਾ ਆਵੇ ਪਰ ਜਦ ਕਦ ਸਬਦ ਗੁਰੂ ਮਹਾਰਾਜ ਦ੍ਵਾਰੇ ਉਪਦੇਸ਼ੇ ਸ਼ਬਦ ਵਿਖੇ ਸੁਰਤਿ ਜੋੜਨ ਦਾ ਅਭ੍ਯਾਸ ਕੀਤਿਆਂ ਹੀ ਓਸ ਅਲੇਖ ਦੇ ਲੇਖੇ ਗ੍ਯਾਨ ਨੂੰ ਲੇਖ ਲਖਤਾ ਵਿਚ ਲਿਆ ਸਕੀਦਾ ਹੈ ॥੩੫੨॥


Flag Counter