ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 107


ਸਬਦ ਸੁਰਤਿ ਆਪਾ ਖੋਇ ਗੁਰਦਾਸੁ ਹੋਇ ਬਾਲ ਬੁਧਿ ਸੁਧਿ ਨ ਕਰਤ ਮੋਹ ਦ੍ਰੋਹ ਕੀ ।

ਸ਼ਬਦ ਵਿਖੇ ਸੁਰਤਿ ਇਸਥਿਤ ਕਰ ਟਿਕਾ ਕੇ ਆਪਾ ਖੋ ਸਿੱਟਿਆ ਗੁਵਾ ਦਿੱਤਾ ਹੈ ਜਿਨ੍ਹਾਂ ਨੇ ਉਸ ਗੁਰੂ ਕੇ ਦਾਸ ਸੇਵਕ ਬਣਾ ਜਾਂਦੇ ਹਨ ਤੇ ਇਸ ਤਰ੍ਹਾਂ ਦਾਸ ਬਣਦੇ ਸਾਰ ਹੀ ਉਨ੍ਹਾਂ ਦੀ ਬੁਧਿ, ਬਾਲਾਂ ਵਾਕੂੰ ਹੋ ਜਾਂਦੀ ਹੈ ਅਰਥਾਤ ਜੀਕੂੰ ਬਾਲਕ ਭੋਲੇ ਭਾ ਵਰਤਦੇ ਹੋਏ ਨਹੀਂ ਜਾਣਦੇ ਕਿ ਉਨ੍ਹਾਂ ਨਾਲ ਕੋਈ ਪਿਆਰ ਅਸਲੀ ਕਰਦਾ ਹੈ ਯਾ ਛਲੀਆ ਬਾਲਾਂ ਨੂੰ ਵਲਾਨ ਵਲਾ ਧੋਖੇ ਭਰਿਆ ਤੀਕੂੰ ਹੀ ਉਹ ਮੋਹ ਦ੍ਰੋਹ ਕੀ ਸੁਧ ਨ ਕਰਤ ਮੋਹ ਪਿਆਰ ਤੇ ਦ੍ਰੋਹ ਛਲ ਕਪਟ ਦੀ ਸੋਝੀ ਹੀ ਨਹੀਂ ਲੈਂਦੇ ਭਾਵ ਬੇ ਪ੍ਰਵਾਹ ਹੋਏ ਰਹਿੰਦੇ ਹਨ।

ਸ੍ਰਵਨ ਉਸਤਤਿ ਨਿੰਦਾ ਸਮ ਤੁਲ ਸੁਰਤਿ ਲਿਵ ਲੋਚਨ ਧਿਆਨ ਲਿਵ ਕੰਚਨ ਅਉ ਲੋਹ ਕੀ ।

ਕੰਨ ਉਸਤਤਿ ਨਿੰਦਾ ਸੁਰਤਿ ਸੁਣ ਕੇ ਸ੍ਰਵਨ ਅੰਦਰਲੀ ਲਿਵ ਦੇ ਕਾਰਣ, ਸਮ ਤੁਲ ਸਮ ਭਾਵ ਵਿਖੇ ਹੀ ਤੋਲਦੇ ਹਨ ਭਾਵ ਜਿਹਾ ਉਸਤਤਿ ਸੁਣ ਕੇ ਦਿਲ ਖਿੜਿਆ ਰਹਿੰਦਾ ਹੈ ਤਿਹਾ ਹੀ ਨਿੰਦਾ ਸੁਣ ਕੇ ਮੁਰਝਾਂਦਾ ਨਹੀਂ ਅਤੇ ਐਸੀ ਹੀ ਲਿਵ ਨਤਰਾਂ ਦਾ ਧਿਆਨ, ਕੰਚਨ ਲੋਹੇ ਉਪਰ ਪੈਣ ਤੇ ਇਕ ਸਮ ਰਿਹਾ ਕਰਦਾ ਹੈ।

ਨਾਸਕਾ ਸੁਗੰਧ ਬਿਰਗੰਧ ਸਮਸਰਿ ਤਾ ਕੈ ਜਿਹਬਾ ਸਮਾਨਿ ਬਿਖ ਅੰਮ੍ਰਿਤ ਨ ਬੋਹ ਕੀ ।

ਨਾਸਾਂ ਨੱਕ ਸੁਗੰਧੀ ਵਿਖੇ ਵਰਤ ਕੇ ਜੀਕੂੰ ਪ੍ਰਸੰਨ ਰਹਿੰਦੀਆਂ ਹਨ, ਤੀਕੂੰ ਹੀ ਬਿਰਗੰਧ ਭੈੜੀ ਗੰਧ ਦੁਰਗੰਧ ਨੂੰ ਅਨੁਭਵ ਕਰਦੀਆਂ ਹੋਈਆਂ ਸਮਸਰਿ ਤਾ ਕੈ ਤਿਨਾਂ ਦੇ ਤਾਂਈ ਇਕੋ ਜੇਹੀ ਦਸ਼ਾ ਵਿਚ ਹੀ ਰਹਿੰਦੀਆਂ ਹਨ ਅਤੇ ਜਿਹਬਾ ਸਮਾਨ ਬਿਖ ਅੰਮ੍ਰਿਤ ਨ ਬੋਹ ਕੀ ਬਿਖ ਅੰਮ੍ਰਿਤ ਕੌੜੇ ਮਿਠੇ ਆਦਿ ਸ੍ਵਾਦੀ ਵਿਖੇ ਜਿਹਬਾ ਭੀ ਸਮ ਭਾਵ ਵਿਚ ਹੀ ਰਹਿੰਦੀ ਹੈ ਅਮੁਕਾ ਮਿੱਠਾ ਹੈ ਤੇ ਅਮੁਕਾ ਕੌੜਾ ਹੈ ਇਸ ਭਾਂਤ ਦੀ ਦੁਬਿਧਾ ਦੀ ਗੰਧ ਭੀ ਨਹੀਂ ਫੁਰਦੀ।

ਕਰ ਚਰ ਕਰਮ ਅਕਰਮ ਅਪਥ ਪਥ ਕਿਰਤਿ ਬਿਰਤਿ ਸਮ ਉਕਤਿ ਨ ਦ੍ਰੋਹ ਕੀ ।੧੦੭।

ਕਰ ਚਰ ਕਰਮ ਅਕਰਮ ਅਪਥ ਪਥ ਕਰ ਹੱਥ ਕਰਣੇ ਜੋਗ ਅਰ ਅਕਰਣੇ ਜੋਗ ਵਿਖੇ ਅਥਵਾ ਕੰਮ ਕਾਰ ਕਰਦਿਆਂ ਯਾ ਵਿਹਲੀ ਹਾਲਤ ਕ੍ਰਿਯਾ ਅਕ੍ਰਿਯਾ ਵਿਖੇ ਵਰਤਦਿਆਂ ਤੇ ਚਰ ਚਰਣ ਅਪਥ ਰਾਹੋਂ ਵਾਟੋਂ ਰਹਿਤ ਕੁਮਾਰਗੀ ਦਸ਼ਾ ਵਿਖੇ ਅਰੁ ਪਥ ਸੁਮਾਰਗ ਵਿਚ ਪਏ ਭਾਵ ਤੁਰਦਿਆਂ ਫਿਰਦਿਆਂ ਯਾ ਬੈਠਿਆਂ ਸਮ ਭਾਵ ਵਿਖੇ ਹੀ ਰਿਹਾ ਕਰਦੇ ਹਨ। ਅਰੁ ਇਞੇਂ ਹੀ ਕਿਰਤ ਬਿਰਤ ਜੀਵਿਕਾ ਸਬੰਧੀ ਕਿਰਤ ਕਾਰ ਕਰਦਿਆਂ ਉਨ੍ਹਾਂ ਦੀ ਉਕਤਿ ਬਾਣੀ ਦਲੀਲ ਸਮ ਹੀ ਰਿਹਾ ਕਰਦੀ ਹੈ, ਨਾਕਿ ਕਦੀ ਦ੍ਰੋਹ ਕੀ ਠੱਗੀ ਵਾਲੀ ॥੧੦੭॥


Flag Counter