ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 159


ਬਾਲਕ ਕਿਸੋਰ ਜੋਬਨਾਦਿ ਅਉ ਜਰਾ ਬਿਵਸਥਾ ਏਕ ਹੀ ਜਨਮ ਹੋਤ ਅਨਿਕ ਪ੍ਰਕਾਰ ਹੈ ।

ਬਾਲਕ ਦਸ ਬਰਸੀ ਅਵਸਥਾ ਦਸਮਾਂ ਤੇ ਕਿਸ਼ੋਰ ਜੋਬਨ ਤੋਂ ਆਦਿਲੀ ਅਵਸਥਾ ਵੀਹ ਬਰਸ ਤਕ ਦੀ ਅਰੁ ਜੋਬਨ ਤਥਾ ਜਰਾ ਬਿਰਧ ਆਦਿਕ ਅਵਸਥਾ ਦੀ ਜੋ ਬਿਵਸਥਾ ਵ੍ਯੋਂਤ ਉਮਰਾ ਦੀ ਵ੍ਯੋਂਤੀ ਗਈ ਹੈ, ਸੋ ਉਹ ਇਕ ਹੀ ਜਨਮ ਜੀਵਨ ਜਿੰਦਗੀ ਦੀਆਂ ਅਨੇਕ ਭਾਂਤ ਦੀਆਂ ਨ੍ਯਾਰੀਆਂ ਨ੍ਯਾਰੀਆਂ ਦਸ਼ਾ ਨਿਰੂਪਣ ਕਰ ਕੇ ਦੱਸੀਆਂ ਹਨ।

ਜੈਸੇ ਨਿਸਿ ਦਿਨਿ ਤਿਥਿ ਵਾਰ ਪਛ ਮਾਸੁ ਰੁਤਿ ਚਤੁਰ ਮਾਸਾ ਤ੍ਰਿਬਿਧਿ ਬਰਖ ਬਿਥਾਰ ਹੈ ।

ਜਿਸ ਤਰ੍ਹਾਂ ਚਾਰ ਚਾਰ ਪਹਿਰ ਦੇ ਰਾਤ ਦਿਨ ਤੇ ਪੰਦ੍ਰਾਂ ਤਿਥਾਂ, ਅਰੁ ਸੱਤ ਵਾਰ, ਤਥਾ ਦੋ ਪੱਖ ਅਤੇ ਬਾਰਾਂ ਮਹੀਨੇ, ਵਾ ਛੀ ਰੁੱਤਾਂ ਅਤੇ ਸ੍ਯਾਲਾ, ਬਸੰਤੀ ਬਹਾਰ ਹੁਨਾਲਾ ਤੇ ਬਰਸਾਤ ਇਨਾਂ ਚਾਰ ਮਹੀਨਿਆਂ ਦੀ ਤਿੰਨ ਭਾਂਤ ਦੀ ਬਿਧਿ ਵ੍ਯੋਂਤ ਸਮੇਂ ਦੀ ਵੰਡ ਹੈ ਇਹ ਸਭ ਇਕ ਮਾਤ੍ਰ ਵਰਹੇ ਦਾ ਹੀ ਬਿਥਾਰ ਪਸਾਰਾ ਹੁੰਦਾ ਹੈ।

ਜਾਗਤ ਸੁਪਨ ਅਉ ਸਖੋਪਤਿ ਅਵਸਥਾ ਕੈ ਤੁਰੀਆ ਪ੍ਰਗਾਸ ਗੁਰ ਗਿਆਨ ਉਪਕਾਰ ਹੈ ।

ਕੈ ਅਥਵਾ ਜਾਗ੍ਰਤ ਸ੍ਵਪਨ, ਸੁਖੋਪਤੀ ਅਵਸਥਾ ਅਤੇ ਗੁਰੂ ਦੇ ਗਿਆਨ ਦਾ ਉਪਕਾਰ ਰੂਪ ਜੋ ਤੁਰੀਆ ਅਵਸਥਾ ਦਾ ਪ੍ਰਗਾਸ ਹੁੰਦਾ ਹੈ। ਇਹ ਸੰਪੂਰਣ ਉਪਰ ਕਥਨ ਕੀਤੀਆਂ ਅਵਸਥਾਂ ਦੀ ਤਥਾ ਕਾਲ ਦੇ ਚਕ੍ਰ ਦੀ ਕੇਵਲ ਬਿਵਸਥਾ ਰੂਪ ਪ੍ਰਪਾਟੀ ਹੀ ਹੈ।

ਮਾਨਸ ਜਨਮ ਸਾਧਸੰਗ ਮਿਲਿ ਸਾਧ ਸੰਤ ਭਗਤ ਬਿਬੇਕੀ ਜਨ ਬ੍ਰਹਮ ਬੀਚਾਰ ਹੈ ।੧੫੯।

ਉਞ ਇਹ ਇਕ ਮਨੁੱਖ ਜਨਮ ਮਾਨੁਖ ਜਿੰਦਗੀ ਦਾ ਹੀ ਚਮਤਕਾਰ ਹੈ। ਸੋ ਉਸੀ ਪ੍ਰਕਾਰ ਸੰਸਾਰੀ ਜੀਵਨ ਦੇ ਅਵਸਥਾ ਵਾਰ ਗੇੜੇ ਵਤ ਪਰਮਾਰਥੀ ਭਾਵ ਵਿਖੇ ਸਾਧ ਸੰਗਤ ਨੂੰ ਮਿਲਿਆਂ ਸਾਧ ਸਾਧਨਾ ਕਰਣ ਹਾਰਾ ਸੰਤ, ਸਾਧਨਾ ਦੀ ਸਿੱਧੀ ਨੂੰ ਪਾ ਕੇ ਸ਼ਾਂਤ ਭਾਵੀ ਕ੍ਰਿਤਕਾਰ੍ਯਤਾ ਨੂੰ ਪ੍ਰਾਪਤ ਕਰ ਚੁਕਿਆ ਤੇ ਭਗਤ ਭਜਨ ਦ੍ਵਾਰੇ ਨਿਰਭੈ ਪਦ ਪ੍ਰਾਪਤ ਅਨੰਦ ਸਰੂਪ ਹੋਯਾ ਮਨੁੱਖ ਬਿਬੇਕ ਜਨ ਦ੍ਵੈਤ ਵਿਚੋ ਏਕਤਾ ਦਾ ਭਾਵ ਵਿਚ ਆਯਾ ਪੁਰਖ, ਬ੍ਰਹਮ ਵਿਚਾਰ ਬ੍ਰਹਮ ਵਿਚ ਵਰਤਨਹਾਰਾ ਬ੍ਰਹਮ ਗਿਆਨੀ ਅਖੌਂਦਾ ਹੈ ਭਾਵ ਇਕੋ ਹੀ ਜਣਾਂ ਪਰਮਾਰਥੀ ਉੱਨਤੀ ਦੇ ਅਵਸਥਾ ਕ੍ਰਮ ਅਨੁਸਾਰ ਨ੍ਯਾਰੇ ਨਾਮਾਂ ਨਾਲ ਆਖਨ ਵਿਚ ਆਯਾ ਕਰਦਾ ਹੈ ॥੧੫੯॥


Flag Counter