ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 84


ਬੀਸ ਕੇ ਬਰਤਮਾਨ ਭਏ ਨ ਸੁਬਾਸੁ ਬਾਂਸੁ ਹੇਮ ਨ ਭਏ ਮਨੂਰ ਲੋਗ ਬੇਦ ਗਿਆਨ ਹੈ ।

ਬੀਸ ਕੇ ਸਰਤਮਾਨ ਪੰਜ ਗ੍ਯਾਨ ਇੰਦ੍ਰੀਆਂ, ਪੰਜ ਕਰਮ ਇੰਦ੍ਰੀਆਂ, ਪੰਜ ਪ੍ਰਾਣ, ਚਾਰ ਅੰਤਾਕਰਣ, ਇਕ ਇਨਾਂ ਸਾਰਿਆਂ ਦਾ ਅਭਿਮਾਨੀ ਜੀਵ ਪਣੇ ਦਾ ਅਧ੍ਯਾਸ ਧਾਰੀ ਏਨਾਂ ਵੀਹਾਂ ਦੇ ਸੰਸਾਰ ਰੂਪ ਵਰਤਾਰੇ ਵਿਖੇ ਵਰਤਮਾਨ ਵਰਤਨਹਾਰੇ ਜੋ ਬਾਂਸ ਦੇ ਸਮਾਨ ਵਾਸਨਾ ਗ੍ਰਸਤ ਸੰਸਾਰੀ ਜੀਵ ਹਨ ਉਹ ਲੋਗ ਬੇਦ ਗਿਆਨ ਮਤੇ ਅਨੁਸਾਰ ਵਰਤਣ ਕਾਰਣ ਸਤਿਗੁਰੂ ਸਰੂਪ ਚੰਨਣ ਦੀ ਸੰਗਤ ਦ੍ਵਾਰਾ ਨਸੁਬਾਸ ਭਏ ਸੁਗੰਧੀ ਕਰ ਕੇ ਸੰਪੰਨ ਨਹੀਂ ਹੋ ਸਕਦੇ ਕਿ੍ਯੋਂਕਿ ਸਤਿਗੁਰਾਂ ਦੀ ਸੰਗਤਿ ਵਿਚ ਹੀ ਨਹੀਂ ਔਂਦੇ। ਐਸੇ ਹੀ ਜੋ ਇਸ ਉਕਤ ਲੌਕਿਕ ਆਚਾਰ ਅਰੁ ਬੇਦ ਆਚਾਰ ਰੂਪ, ਲੋਕ ਬੇ ਗਿਆਨ ਵਿਖੇ ਪਰਚੇ ਹੋਏ ਇਨਾਂ ਦੇ ਹਠ ਪੱਖ ਕਾਰਣ ਮਨੂਰ ਊਰੇ ਮਨ ਵਾਲੇ ਅਧ ਲੂਠੇ ਚਿੱਤਾਂ ਵਾਲੇ ਪੱਖਪਾਤੀ ਹੋ ਰਹੇ ਹਨ, ਉਹ ਐਸੇ ਹੀ ਆਚਾਰ ਵਾਨ ਆਚਾਰਯ ਗੁਰੂ ਸਰੂਪੀ ਪਾਰਸ ਨੂੰ ਸਪਰਸ਼ ਕਰ ਕੇ ਹੇਮ ਸ੍ਵਰਣ ਰੂਪ ਨਾ ਹੋ ਸਕੇ ਬਣ ਸਕੇ।

ਗੁਰਮੁਖਿ ਪੰਥ ਇਕੀਸ ਕੋ ਬਰਤਮਾਨ ਚੰਦਨ ਸੁਬਾਸੁ ਬਾਂਸ ਬਾਸੈ ਦ੍ਰੁਮ ਆਨ ਹੈ ।

ਗੁਰਮੁਖ ਪੰਥ ਸਤਿਗੁਰੂ ਦਾ ਮਾਰਗ ਵੀਹਾਂ ਤੋਂ ਉਪਰ ਇਕੀਸਵੇਂ ਇਕ+ਈਸਵੇਂ ਇਕ ਮਾਤ੍ਰ ਈਸ੍ਵਰ ਪਰਮਾਤਮਾ ਵਿਖੇ ਵਰਤਣ ਹਾਰਾ ਹੈ ਇਸ ਲਈ ਇਹ ਐਸਾ ਚੰਨਣ ਹੈ ਜੋ ਬਾਂਸ ਵਰਗੇ ਚਿਕਨੇ ਚੋਪੜੇ ਨਰੋਲ ਸੰਸਾਰੀਆਂ ਵਿਚ ਭੀ ਆਪਣੀ ਸੁਗੰਧੀ ਸ੍ਰੇਸ਼ਟਤਾ ਦਾ ਪ੍ਰਭਾਵ ਵਸਾਕੇ ਓਨ੍ਹਾਂ ਨੂੰ ਏਸ ਯੋਗ ਬਣਾ ਦਿੰਦਾ ਹੈ, ਜੋ ਅਗੇ ਦ੍ਰੁਮ ਆਨ ਬਾਸੈ ਹੈ ਦੂਸਰਿਆਂ ਹੋਰਨਾਂ ਬਿਰਛਾਂ ਨਿਕਟੀ ਮਨੁਖਾਂ ਨੂੰ ਭੀ ਅਪਣੀ ਸੁਗੰਧੀ ਬਣਾ ਸਕਦੇ ਹਨ।

ਕੰਚਨ ਮਨੂਰ ਹੋਇ ਪਾਰਸ ਪਰਸ ਭੇਟਿ ਪਾਰਸ ਮਨੂਰ ਕਰੈ ਅਉਰ ਠਉਰ ਮਾਨ ਹੈ ।

ਐਸਾ ਹੀ ਫੇਰ ਇਹ ਐਹੋ ਜੇਹਾ ਪਾਰਸ ਹੈ ਜਿਹੜਾ ਕਿ ਲੋਕਾਚਾਰੀ ਦੀਆਂ ਰਸਮਾਂ ਤਥਾ ਬੇਦਿਕ ਕਰਮ ਕਾਂਡੀ ਪ੍ਰਵਿਰਤੀ ਦੀ ਹਠ ਧਰਮੀ ਵਿਚ ਅਧ ਲੂਠੇ ਮਨ ਵਾਲੇ ਮਨੂਰ ਵਤ ਹੋ ਚੁਕੇ ਮਨੁੱਖਾਂ ਨੂੰ ਭੀ ਆਪ ਤੇ ਆਪ ਸਪਰਸ਼ ਕਰਾਕੇ ਕੰਚਨ ਸੋਨਾ ਗੁਰੂ ਕਾ ਸਿੱਖ ਬਣਾ ਲੈਂਦਾ ਹੈ। ਅਤੇ ਅੱਗੇ ਜਿਹਾ ਕੋਈ ਓਸ ਨੂੰ ਭੇਟ ਭਿਟ ਪਵੇ ਛੋਹ ਪਵੇ ਓਸ ਮਨੂਰ ਨੂੰ ਭੀ ਪਾਰਸ ਬਣਾਕੇ, ਹੋਰ ਠੌਰ ਦੂਸਰਿਆਂ ਮਨੁੱਖਾਂ ਵਿਚ ਭਾਵ ਅਗੇ ਤੇ ਅਗੇ ਮਾਨ ਹੈ ਵੈਸਾ ਹੀ ਮਾਨ ਦਾ ਅਧਿਕਾਰੀ ਬਣਾ ਦਿੰਦਾ ਹੈ।

ਗੁਰਸਿਖ ਸਾਧ ਸੰਗ ਪਤਿਤ ਪੁਨੀਤਿ ਰੀਤਿ ਗੁਰਸਿਖ ਸੰਧ ਮਿਲੇ ਗੁਰਸਿਖ ਜਾਨਿ ਹੈ ।੮੪।

ਇਸ ਇਸ ਤਰ੍ਹਾਂ ਗੁਰੂ ਕੇ ਸਿੱਖਾਂ ਦੀ ਸਾਧ ਸੰਗਤ ਦੀ ਰੀਤ ਮ੍ਰਯਾਦਾ ਚਾਲ ਪਤਿਤਾਂ ਨੂੰ ਪੁਨੀਤ ਕਰਨ ਦੀ ਹੈ ਜੋ ਗੁਰੂ ਸਿੱਖ ਦੀ ਸੰਧਿ ਸੰਗਤ ਵਿਚ ਆਣ ਕੇ ਮਿਲੇ ਤਾਂ ਗੁਰ ਸਿੱਖ ਹੋ ਕੇ ਹੀ ਇਸ ਗੱਲ ਨੂੰ ਜ੍ਯੋਂ ਕਾ ਤ੍ਯੋਂ ਜਾਣ ਸਕ੍ਯਾ ਕਰਦਾ ਹੈ ॥੮੪॥


Flag Counter