ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 150


ਸਤਿਗੁਰ ਸਤਿ ਸਤਿਗੁਰ ਸਤਿ ਸਤਿ ਰਿਦੈ ਭਿਦੈ ਨ ਦੁਤੀਆ ਭਾਉ ਤ੍ਰਿਗੁਨ ਅਤੀਤ ਹੈ ।

ਸਤਿਗੁਰੂ ਸਤ੍ਯ ਸਰੂਪ ਸਾਖ੍ਯਾਤ ਪਾਰਬ੍ਰਹਮ ਰੂਪ ਹਨ, ਤੇ ਓਨਾਂ ਦੀ ਮਤਿ ਉਪਦੇਸ਼ ਮਈ ਬਾਣੀ ਭੀ ਸਤ੍ਯ ਸਰੂਪੀ ਬ੍ਰਹਮਭਾਵਿਨੀ ਹੀ ਹੈ। ਹਿਰਦੇ ਵਿਖੇ ਨਹੀਂ ਪੋਂਹਦਾ ਦ੍ਵੈਤ ਭਾਉ ਮਾਯਾ ਰੂਪੀ ਸੰਸਾਰ ਦੀ ਸੱਚ ਪ੍ਰਤੀਤੀ ਰੂਪ ਭਾਵਨਾ ਭੌਣੀ ਅਰਥਾਤ ਓਨਾਂ ਗੁਰਮੁਖਾਂ ਦੇ ਅੰਦਰ ਨਹੀਂ ਕਦੀ ਫੁਰਦੀ ਮੈਂ, ਮਤਤਾ ਸਬੰਧੀ ਪਦਾਰਥਾਂ ਵਿਖੇ ਸਤ੍ਯਤਾ ਬੁਧੀ, ਜਿਨਾਂ ਦੇ ਹਿਰਦੇ ਅੰਦਰ ਸਤ੍ਯ ਸਰੂਪੀ ਸਤਿਗੁਰਾਂ ਦੀ ਸੱਚੀ ਸਿਖ੍ਯਾ ਬਾਣੀ ਨੇ ਨਿਵਾਸ ਪਾ ਲਿਆ ਹੋਵੇ ਤੇ ਇਸੇ ਕਰ ਕੇ ਹੀ ਉਹ ਤਿੰਨਾਂ ਗੁਣਾਂ ਤੋਂ ਅਤੀਤ ਰਹਿੰਦੇ ਹਨ ਭਾਵ ਰਜੋ ਤਮੋ ਸਤੋ ਗੁਣਾਂ ਤੋਂ ਉਤਪੰਨ ਹੋਣ ਵਾਲੀਆਂ ਬਿਰਤੀਆਂ ਅਥਵਾ ਜਾਗ੍ਰਤ ਸੁਪਨ ਸੁਖੋਪਤੀ ਰੂਪ ਅਵਸਥਾਵਾਂ ਦੇ ਗੇੜ ਵਿਚ ਵਰਤਦੇ ਹੋਏ ਭੀ ਉਹ ਇਨਾਂ ਤੋਂ ਰਹਿਤ ਇਨਾਂ ਤਿੰਨਾਂ ਦੇ ਸਾਖੀ ਸਰੂਪ ਚੈਤੰਨ ਤੱਤ ਰੂਪ ਤੁਰੀਆ ਪਦ ਵਿਖੇ ਹੀ ਟਿਕੇ ਰਹਿੰਦੇ ਹਨ।

ਪੂਰਨ ਬ੍ਰਹਮ ਗੁਰ ਪੁਰਨ ਸਰਬਮਈ ਏਕ ਹੀ ਅਨੇਕ ਮੇਕ ਸਕਲ ਕੇ ਮੀਤ ਹੈ ।

ਪੂਰਨ ਬ੍ਰਹਮ ਸਰੂਪ ਪੂਰਨ ਸਤਿਗੁਰੂ ਹੀ ਸਰਬ ਸਰੂਪ ਹੋਇਆ ਓਨ੍ਹਾਂ ਨੂੰ ਦਿਖਾਈ ਦਿਆ ਕਰਦਾ ਹੈ ਅਰੁ ਇੱਕ ਪਰਮਾਤਮ ਸੱਤਾ ਹੀ ਅਨੇਕਾਂ ਵਿਖੇ ਮੇਕ ਮਿਲੀ ਹੋਈ ਸਦੀਵ ਕਾਲ ਦਿੱਸਨ ਕਰ ਕੇ ਉਹ ਸਭ ਦੇ ਮਿਤਰ ਪ੍ਯਾਰੇ ਸਨੇਹੀ ਬਣੇ ਰਹਿੰਦੇ ਹਨ।

ਨਿਰਬੈਰ ਨਿਰਲੇਪ ਨਿਰਾਧਾਰ ਨਿਰਲੰਭ ਨਿਰੰਕਾਰ ਨਿਰਬਿਕਾਰ ਨਿਹਚਲ ਚੀਤ ਹੈ ।

ਓਨਾਂ ਦੇ ਚਿੱ ਤਵਿਚ ਵੈਰ ਵਿਰੋਧ ਨਹੀਂ ਰਹਿੰਦਾ, ਕਿਸੇ ਦੀ ਮੋਹ ਮਮਤਾ ਆਦਿ ਦਾ ਲੇਪ ਸਪਰਸ਼ ਓਨ੍ਹਾਂ ਨੂੰ ਨਹੀਂ ਲਗ੍ਯਾ ਕਰਦਾ, ਅਧਾਰ ਆਸਰੇ ਪਰਣੇ ਤੋਂ ਭੀ ਉਹ ਰਹਿਤ ਹੁੰਦੇ ਹਨ, ਅਰੁ ਅਲੰਬ ਸਹਾਰੇ ਤੋਂ ਭੀ ਉਹ ਬਿਹੀਨ ਹੁੰਦੇ ਹਨ, ਤਥਾ ਅਕਾਰ ਧਾਰੀ ਹੁੰਦੇ ਹੋਏ ਭੀ ਦੇਹ ਆਦਿ ਤੋਂ ਅਸੰਗ ਨਿਰਾਕਾਰ ਭਾਵ ਵਿਖੇ ਵਰਤਿਆ ਕਰਦੇ ਹਨ, ਇਸੇ ਤਰ੍ਹਾਂ ਸਰੀਰ ਅਰੁ ਮਨ ਦਿਆਂ ਵਿਕਾਰਾਂ ਹੇਰਾ ਫੇਰੀਆਂ ਤੋਂ ਉਨ੍ਹਾਂ ਦਾ ਚਿੱਤ ਅਛੋਹ ਰਹਿੰਦਾ ਹੈ ਤੇ ਇਵੇਂ ਹੀ ਚੰਚਲਤਾ ਤੋਂ ਰਹਿਤ ਅਡੋਲ ਭੀ।

ਨਿਰਮਲ ਨਿਰਮੋਲ ਨਿਰੰਜਨ ਨਿਰਾਹਾਰ ਨਿਰਮੋਹ ਨਿਰਭੇਦ ਅਛਲ ਅਜੀਤ ਹੈ ।੧੫੦।

ਉਨਾਂ ਦੇ ਅੰਦਰ ਮਮਤਾ ਦੀ ਮੈਲ ਤੋਂ ਰਹਿਤ ਉਜਲਾ ਹੁੰਦਾ ਹੈ, ਤੇ ਅਤ੍ਯੰਤ ਉੱਚ ਭਾਵਾਂ ਵਾਲਾ ਓਨਾਂ ਦਾ ਚਿੱਤ ਹੋ ਜਾਣ ਕਾਰਣ ਓਨਾਂ ਦੀ ਕੀਮਤ ਕਦਰ ਨਹੀਂ ਪਾਈ ਜਾ ਸਕਿਆ ਕਰਦੀ। ਮਾਯਾ ਅਵਿਦ੍ਯਾ ਦੀ ਅੰਜਨ ਰੂਪ ਕਾਲਕ ਤੋਂ ਉਹ ਰਹਿਤ ਹੁੰਦੇ ਹਨ ਤੇ ਉਹ ਪ੍ਰਾਰਬਧ ਅਨੁਸਾਰ ਖਾਨ ਪਾਨ ਆਦਿ ਕਰਦੇ ਹੋਏ ਭੀ ਇੰਦ੍ਰੀਆਂ ਦੇ ਅਭਿਮਾਨ ਰਹਿਤ ਹੋਣ ਕਾਰਣ ਮਾਨੋ ਨਿਰਾਹਾਰ ਰਹਿੰਦੇ ਹਨ। ਮੋਹਣ ਕਰਣ ਹਾਰੇ ਪਦਾਰਥ ਓਨ੍ਹਾਂ ਨੂੰ ਮੋਹਿਤ ਨਹੀਂ ਕਰ ਸਕਦੇ ਤੇ ਭਰਮ ਕਰ ਕੇ ਓਨਾਂ ਦਾ ਹਿਰਦਾ ਭੇਦ੍ਯਾ ਵਿੰਨ੍ਯਾ ਨਹੀਂ ਜਾਯਾ ਕਰਦਾ। ਇਸੀ ਭਾਂਤ ਉਹ ਇੰਦ੍ਰਜਾਲ ਆਦਿ ਵਿਦ੍ਯਾ ਦ੍ਵਾਰੇ ਛਲੇ ਨਹੀਂ ਜਾ ਸਕਿਆ ਕਰਦੇ ਤਥਾ ਉਹ ਅਜੀਤ ਅਜਯ ਸਰੂਪ ਹੁੰਦੇ ਹਨ ॥੧੫੦॥


Flag Counter