ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 103


ਜੈਸੇ ਮਾਤ ਪਿਤਾ ਕੇਰੀ ਸੇਵਾ ਸਰਵਨ ਕੀਨੀ ਸਿਖ ਬਿਰਲੋ ਈ ਗੁਰ ਸੇਵਾ ਠਹਰਾਵਈ ।

ਜਿਸ ਤਰ੍ਹਾਂ ਅੰਨੇ ਮਾਤਾ ਪਿਤਾ ਦੀ ਸੇਵਾ ਸਰਵਨ ਨੇ ਓੜਕ ਦੇ ਸਾਸਾਂ ਤਕ ਕੀਤੀ, ਐਹੋ ਜੇਹੀ ਸੇਵਾ ਮਨ ਬਾਣੀ ਸਰੀਰ ਸਰਬੰਸ ਅਰਪ ਕੇ ਸਿੱਖਾਂ ਨੂੰ ਤਾਰਨ ਪ੍ਰਾਇਣ ਹੋ ਰਹੇ ਸਤਿਗੁਰਾਂ ਦੀ ਕੋਈ ਵਿਰਲਾ ਟਾਵਾਂ ਟਾਵਾਂ ਸਿੱਖ ਹੀ ਅਪਣੇ ਮਨ ਅੰਦਰ ਠਹਿਰੌਂਦਾ ਪ੍ਰਵਾਣ ਕਰਦਾ ਨਿਸਚੇ ਵਿਚ ਲ੍ਯੌਂਦਾ ਹੈ।

ਜੈਸੇ ਲਛਮਨ ਰਘੁਪਤਿ ਭਾਇ ਭਗਤ ਮੈ ਕੋਟਿ ਮਧੇ ਕਾਹੂ ਗੁਰਭਾਈ ਬਨਿ ਆਵਈ ।

ਜਿਸ ਤਰ੍ਹਾਂ ਲਛਮਨ ਨੇ ਰਘੁਪਤਿ ਰਾਮਚੰਦ੍ਰ ਅਪਨੇ ਭਾਇ ਭ੍ਰਾਤਾ ਦੀ ਭਗਤਿ ਪਿਆਰ ਸੇਵਾ ਪੂਜਨ ਕੀਤੀ ਹੈ, ਕਰੜਾਂ ਮਧੇ ਕੋਈ ਐਸਾ ਗੁਰਭਾਈ ਗੁਰ ਸਿੱਖ ਹੈ ਜਿਸ ਪਾਸੋਂ ਅਪਨੇ ਗੁਰਭਾਈਆਂ ਉਪਰੋਂ ਤਨ ਮਨ ਧਨ ਵਾਰਣੇ ਕਰ ਦੇਣਾ ਐਹੋ ਜੇਹਾ ਸਰਬਣ ਆ ਸਕੇ।

ਜੈਸੇ ਜਲ ਬਰਨ ਬਰਨ ਸਰਬੰਗ ਰੰਗ ਬਿਰਲੋ ਬਿਬੇਕੀ ਸਾਧ ਸੰਗਤਿ ਸਮਾਵਈ ।

ਜਿਸ ਤਰ੍ਹਾਂ 'ਜਲ ਬਰਨ ਬਰਨ' ਜਿਹਿ ਜਿਹਾ ਰੰਗ ਮਿਲੇ, 'ਸਰਬੰਗ ਰੰਗ' ਸਮੂਲਚਾ ਉਸੇ ਰੰਗ ਦਾ ਹੀ ਹੋ ਜਾਇਆ ਕਰਦਾ ਹੈ। ਐਹੋ ਜਿਹਾ ਵਿਰਲਾ ਹੀ ਕੋਈ 'ਬਿਬੇਕੀ' ਵਿਚਾਰਵਾਨ ਸਿੱਖ ਹੁੰਦਾ ਹੈ, ਜੋ ਸਰਬੰਗ ਸਰੂਪੀ ਸਾਧਸੰਗਤਿ ਵਿੱਚ ਸਮਾ ਜਾਵੇ ਭਾਵ ਸਾਧਸੰਗਤਿ ਵਿਚ ਮਿਲ ਕੇ ਪ੍ਰੇਮਮਯ ਹੀ ਬਣ ਜਾਵੇ।

ਗੁਰ ਸਿਖ ਸੰਧਿ ਮਿਲੇ ਬੀਸ ਇਕੀਸ ਈਸ ਪੂਰਨ ਕ੍ਰਿਪਾ ਕੈ ਕਾਹੂ ਅਲਖ ਲਖਾਵਈ ।੧੦੩।

ਜਿਸ ਐਸੇ ਪ੍ਰੇਮ ਸੰਪੰਨ ਹੋਣ ਤੇ ਗੁਰੂ ਅਰੁ ਸਿਖ ਦੀ ਸੰਧੀ ਮਿਲ ਕੇ ਬੀਸ ਲੋਕ ਤੇ ਇਕ ਈਸ ਪਰਲੋਕ ਵਿਖੇ ਭਾਵ ਲੋਕ ਪਰਲੋਕ ਵਿਚ ਜੀਊਂਦਿਆਂ ਅਰੁ ਸਰੀਰ ਛੋੜ ਗਿਆਂ ਈਸ ਪਰਮਾਤਮਾ ਵਿਚ ਹੀ ਲੀਨ ਹੋ ਜਾਵੇ ਅਰਥਾਤ ਜੀਵਨ ਮੁਕਤੀ ਇਸ ਸੰਸਾਰ ਵਿਖੇ ਅਰੁ ਵਿਦੇਹ ਮੁਕਤੀ ਸਰੀਰ ਤ੍ਯਾਗਨ ਉਪ੍ਰੰਤ ਪ੍ਰਾਪਤ ਕਰ ਲਈਦੀ ਹੈ। ਫੇਰ ਭੀ ਆਖਦੇ ਹਾਂ ਕਿ ਪੂਰਨ ਕਿਰਪਾ ਕਰ ਕੇ ਹੀ ਕਿਸੇ ਵਿਰਲੇ ਨੂੰ ਇਸ ਅਲਖ ਭਾਵ ਦੀ ਸਤਿਗੁਰੂ ਲਖਤਾ ਕਰਾਇਆ ਕਰਦੇ ਹਨ ॥੧੦੩॥


Flag Counter