ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 438


ਹਸਤ ਹਸਤ ਪੂਛੈ ਹਸਿ ਹਸਿ ਕੈ ਹਸਾਇ ਰੋਵਤ ਰੋਵਤ ਪੂਛੈ ਰੋਇ ਅਉ ਰੁਵਾਇ ਕੈ ।

ਹਸਤ ਹੱਦਸੇ ਹੋਏ ਨੂੰ ਹਸਤ ਹੱਸਦਾ ਹੋਯਾ; ਹੱਸ ਹੱਸ ਕੇ ਹਸੌਂਦਾ ਹੋਯਾ; ਕੁਸ਼ਲ ਖੇਮ ਦੀ ਬਾਤ ਪੁਛ੍ਯਾ ਕਰਦਾ ਹੈ; ਅਤੇ ਰੋਂਦੇ ਹੋਏ ਨੂੰ ਰੋਂਦਾ ਹੋਇਆ ਆਪ ਰੋ ਕੇ ਅਤੇ ਰੋਂਦਿਆਂ ਨੂੰ ਹੋਰ ਰੁਵਾ ਰੁਵਾ ਕੇ ਪੁਛਿਆ ਕਰਦਾ ਹੈ।

ਬੈਠੈ ਬੈਠੈ ਪੂਛੈ ਬੈਠਿ ਬੈਠਿ ਕੈ ਨਿਕਟਿ ਜਾਇ ਚਾਲਤ ਚਾਲਤ ਪੂਛੈ ਦਹਦਿਸ ਧਾਇ ਕੈ ।

ਬੈਠੇ ਹੋਏ ਨੂੰ ਪਾਸ ਜਾ ਕੇ ਬੈਠਕੇ ਹੀ; ਬੈਠਿਆਂ ਹੋਇਆਂ ਪੁੱਛੀਦਾ ਹੈ; ਅਤੇ ਤੁਰਦਿਆਂ ਹੋਇਆਂ ਨੂੰ; ਤੁਰਦਾ ਤੁਰਦਾ ਹੀ ਦਹਦਿਸਿ ਧਾਇ ਕੈ ਦਸ ਵਲ ਮਾਰ ਕੇ ਪੁਛਦੇ ਹਨ।

ਲੋਗ ਪੂਛੇ ਲੋਗਾਚਾਰ ਬੇਦ ਪੂਛੈ ਬੇਦ ਬਿਧਿ ਜੋਗੀ ਭੋਗੀ ਜੋਗ ਭੋਗ ਜੁਗਤਿ ਜੁਗਾਇ ਕੈ ।

ਲੋਕ ਲੋਕਾਚਾਰੀ ਗੱਲਾਂ ਨੂੰ ਪੁਛ੍ਯਾ ਕਰਦੇ ਹਨ; ਤੇ ਬੇਦ ਬਿਧਿ ਬੇਦ ਆਚਾਰ ਬੇਦ ਮ੍ਰਯਾਦਾ ਨੂੰ ਬੇਦ ਬੇਦ ਚਾਰੀ ਲੋਕ ਅਤੇ ਇਵੇਂ ਹੀ ਜੋਗੀ ਵਾ ਭੋਗੀ ਆਪੋ ਆਪਣੇ ਆਸ਼ਯ ਨਾਲ ਮਿਲਦੀਆਂ ਜੋਗ ਜੁਗਤੀ ਵਾ ਭੋਗ ਭੁਗਤੀ ਦੀ ਚਾਲ ਗੱਲਾਂ ਨੂੰ ਜਗਾਇ ਕੈ ਘੋਖ ਘੋਖ ਕੇ ਪੁਛ੍ਯਾ ਕਰਦੇ ਹਨ।

ਜਨਮ ਮਰਨ ਭ੍ਰਮ ਕਾਹੂ ਨ ਮਿਟਾਏ ਸਾਕਿਓ ਨਿਹਿਚਲ ਭਏ ਗੁਰ ਚਰਨ ਸਮਾਇ ਕੈ ।੪੩੮।

ਐਹੋ ਜੇਹੀਆਂ ਪਰਚੌਣੀਆਂ ਨਾਲ ਜੰਮਨ ਮਰਣ ਦੀ ਭਟਕਨਾ ਕੋਈ ਕਿਸੇ ਦੀ ਨਹੀਂ ਮਿਟਾ ਸਕਦਾ। ਜਿਹੜੇ ਗੁਰੂ ਕਿਆਂ ਚਰਣਾਂ ਵਿਚ ਸਮਾਈ ਕਰਦੇ ਹਨ; ਕਵਲ ਓਹੋ ਹੀ ਅਚੱਲ ਜਨਮ ਮਰਣ ਤੋਂ ਰਹਤ ਰਹਤ ਹੋਇਆ ਕਰਦੇ ਹਨ ॥੪੩੮॥