ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 401


ਕਬ ਲਾਗੈ ਮਸਤਕਿ ਚਰਨਨ ਰਜ ਦਰਸੁ ਦਇਆ ਦ੍ਰਿਗਨ ਕਬ ਦੇਖਉ ।

ਚਰਣਾਂ ਦੀ ਧੂਲੀ ਕਦੋਂ ਮੇਰੇ ਮੱਥੇ ਉਪਰ ਲਗੇਗੀ ਤੇ ਦਇਆ ਭਰਿਆ ਦਰਸ਼ਨ ਗੁਰੂ ਮਹਾਰਾਜ ਦਾ ਕਦੋਂ ਨੇਤ੍ਰੀਂ ਤੱਕਾਂਗਾ।

ਅੰਮ੍ਰਿਤ ਬਚਨ ਸੁਨਉ ਕਬ ਸ੍ਰਵਨਨ ਕਬ ਰਸਨਾ ਬੇਨਤੀ ਬਿਸੇਖਉ ।

ਮਿੱਠੇ ਮਿੱਠੇ ਹਿਤ ਭਰੇ = ਕਲ੍ਯਾਣ ਦਾਤੇ ਬਚਨ ਕੰਨੀ ਕਦ ਸੁਣਾਂਗਾ, ਤੇ ਅਗੋਂ ਰਸਨਾ ਦ੍ਵਾਰੇ ਕਦੋਂ ਬੇਨਤੀਆਂ ਵਧ ਵਧ ਕੇ ਝੁਕ ਝੁਕ ਕੇ ਕਰਾਂਗਾ।

ਕਬ ਕਰ ਕਰਉ ਡੰਡਉਤ ਬੰਦਨਾ ਪਗਨ ਪਰਿਕ੍ਰਮਾਦਿ ਪੁਨ ਰੇਖਉ ।

ਦੰਡੇ ਵਤ ਚੁਫਾਲ ਸ਼ਰੀਰ ਨੂੰ ਅਗੇ ਸੁੱਟ ਸਾਸ਼੍ਟਾਂਗ ਬੰਦਨਾ ਕਰਦਿਆਂ ਕਦ ਹੱਥ ਜੁੜਨਗੇ ਤੇ ਪੁਨਿ ਬਹੁੜੋ ਸਾਥ ਹੀ ਪਰਕ੍ਰਮਾ ਪ੍ਰਦੱਖਣਾ ਆਦਿ ਕਰਦਿਆਂ ਸਦਕੇ ਹੁੰਦੇ ਵਾ ਬਲਿਹਾਰ ਬਲਿਹਾਰ ਜਾਂਦਿਆਂ ਪੈਰ ਮੇਰੇ ਕਦ ਸੁਭਾਗੇ ਹੋਣਗੇ ਭਾਵ ਕਦ ਪੈਰਾਂ ਦੀ ਰੇਖ ਖੁੱਲੇਗੀ ਕਿ ਇਹ ਪ੍ਰਦਖੱਣਾ ਕਰਨ ਲਈ ਨਿਤਰਣਗੇ।

ਪ੍ਰੇਮ ਭਗਤ ਪ੍ਰਤਛਿ ਪ੍ਰਾਨਪਤਿ ਗਿਆਨ ਧਿਆਨ ਜੀਵਨ ਪਦ ਲੇਖਉ ।੪੦੧।

ਗ੍ਯਾਨ ਦ੍ਵਾਰੇ ਧ੍ਯਾਨ ਵਿਖੇ ਔਣ ਹਾਰੇ ਅਪਣੇ ਪ੍ਰਤੱਖ ਸਾਮਰਤੱਖ ਪ੍ਰਾਣਾਂ ਦੇ ਪਤੀ ਸਤਿਗੁਰੂ ਦੇਵ ਨੂੰ ਓਨਾਂ ਦੀ ਪ੍ਰੇਮਾ ਭਗਤੀ ਪਾਲਦਿਆਂ ਕਦ ਆਪਣੇ ਆਪ ਨੂੰ ਲੇਖੇ ਪਾਵਾਂਗਾ ਅਰਥਾਤ ਸਫਲ ਜਨਮਾ ਬਣਾਂਗਾ ॥੪੦੧॥


Flag Counter