ਜਿਸ ਤਰ੍ਹਾਂ ਨਦੀਓਂ ਪਾਰ ਹੋਣ ਲਗਿਆਂ, ਬੇੜੀ ਅੰਦਰ ਬੈਠਿਆਂ ਦਾ ਸਹਜ ਸੁਭਾਵ ਸੰਜੋਗ ਮੇਲਾ ਹੋ ਪੈਂਦਾ ਹੈ, ਇਸੇ ਤਰ੍ਹਾਂ ਹੀ ਸੁਜਨ ਪ੍ਰਵਾਰ ਤੇ ਕੁਟੰਬ, ਕੋੜਮੇ ਦੇ ਲੋਕਾਂ ਦਾ ਮੇਲ ਹੋਯਾ ਕਰਦਾ ਹੈ ਇਞੇਂ ਹੀ ਨਦੀ ਨਾਵ ਦੇ ਵਿਜੋਗ ਵਤ ਮਰਣ ਕਾਲ ਦੇ ਵਿਛੋੜੇ ਭੀ ਆਣ ਹੁੰਦੇ ਹਨ ਅਰੁ ਜੋ ਵਰਤਮਾਨ ਸ਼ਰੀਰ ਵਿਖੇ ਇਸ ਜੀਵਨ ਅੰਦਰ ਲੋੜ ਥੋੜ ਵਾਲਿਆਂ ਦੀ ਲੋੜ ਥੋੜ ਪੂਰੀ ਕਰਨ ਖਾਤਰ ਦਿੱਤਾ ਜਾਂਦਾ ਹੈ, ਓਹੋ ਹੀ ਅਗੇ ਜਾਣ ਤੇ ਦੂਸਰੇ ਸਰੀਰਾਂ ਦੇ ਧਾਰਣ ਉਪਰ ਹੋਰਨਾਂ ਹੋਰਨਾਂ ਜੂਨਾਂ ਜੂਨਾਂਤ੍ਰਾਂ ਰੂਪ ਪ੍ਰਲੋਕ ਵਿਚ ਪ੍ਰਵੇਸ਼ ਪੌਣ ਤੇ ਮਿਲ੍ਯਾ ਕਰਦਾ ਹੈ।
ਇਸ ਤੋਂ ਸਿਵਾਯ ਹੋਰ ਜੋ ਕੁਛ ਭੀ ਬਸਨ ਆਹਾਰ ਰੂਪ ਖਾਣ ਪਾਣ ਆਦਿ ਦੇ ਪਦਾਰਥ, ਵਾ ਬਸਨ ਬਸਤ੍ਰ ਪਹਿਨਣ ਪਹਿਰਾਣ ਦੇ ਸਾਮਾਨ ਅਥਵਾ ਧਨ ਦੌਲਤ ਹੋਵੇ; ਸਾਥ ਨਹੀਂ ਜਾਵੇਗਾ, ਚਲੇ ਜਾਊ ਤਾਂ ਕੇਵਲ ਓਹੋ ਹੀ ਸਾਥ; ਜੋ ਕੁਛ ਧਰਮਸਾਲਾ ਵਿਖੇ ਧਰਮ ਅਰਥੀ ਵਾਹਗੁਰੂ ਦੇ ਨਾਮ ਤੇ ਅਰਪਣ ਕਰ ਦਿੱਤਾ ਹੋਵੇ।
ਚਾਹੇ ਅੱਠੇ ਪਹਿਰ ਤੇ ਸੱਠ ਘੜੀਆਂ ਦਿਨ ਰਾਤ ਹੀ ਮਾਯਾ ਦਾ ਵਿਹਾਰਾਂ ਕਾਰਾਂ ਦਾ ਮੋਹ ਪ੍ਯਾਰ = ਪਰਦਾ ਕੋਈ ਪਾਲਦਾ ਰਹੇ ਇਹ ਬ੍ਯਰਥ ਹੀ ਹੁੰਦਾ ਹੈ ਅਰਥਾਤ ਕਿਸੇ ਕਾਰੇ ਨਹੀਂ ਲਗਦਾ; ਹਾਂ ਸਾਧ ਸੰਗਤ ਅੰਦਰ ਜੇਕਰ ਪਲਕ ਅੱਖ ਦੀ ਫੋਰ ਮਾਤ੍ਰ ਭੀ ਸਮਾਈ ਕਰੇ ਰਲ ਬੈਠੇ ਤਾਂ ਉਹ ਪਲ ਮਾਤ੍ਰ ਸਮਾਂ ਭੀ ਸਫਲਾ ਹੋਯਾ ਵਾਹਗੁਰੂ ਦੇ ਲੇਖੇ ਪਿਆ ਕਰਦਾ ਹੈ।
ਤਾਂ ਤੇ ਸਫਲ ਭਾਵੀ ਸਾਧ ਸੰਗਤ ਵੱਲੋਂ ਸਮਾਂ ਨਾ ਖੁੰਝਾਵੇ, ਕ੍ਯੋਂਕਿ ਸਾਧ ਸੰਗਤ ਦ੍ਵਾਰੇ ਸ਼ਬਦ ਵਿਖੇ ਸੁਰਤ ਦੀ ਲਿਵ ਤਾਰ ਲਗਾਣ ਕਰ ਕੇ, ਇਸਤ੍ਰੀ ਪੁਤ੍ਰ ਆਦਿ ਦੇ ਪ੍ਯਾਰੇ ਤਥਾ ਆਪਣ੍ਯਾਂ ਮਲ ਮੂਤ੍ਰ ਦੇ ਭਰਿਆਂ ਗੰਦਿਆਂ ਸਰੀਰਾਂ ਨਾਲ ਪ੍ਯਾਰ ਕਰਣਹਾਰੇ ਅਥਵਾ ਵਿਖ੍ਯ ਵਾਸਨਾ ਦੇ ਅਧੀਨ ਇਨਾਂ ਸ਼ਰੀਰਾਂ ਦੇ ਲਿੰਬਨ ਪੋਚਨ ਸੁਆਰਣ ਵਿਚ ਰੁਝੇ ਰਹਣ ਵਾਲੇ ਮਲ ਮੂਤ੍ਰ ਧਾਰੀ ਅਰੁ ਵਿਖੇ ਭੋਗਾਂ ਵਿਚ ਲੰਪਟ ਵਿਕਾਰੀ ਲੋਗ ਭੀ ਨਿਰੰਕਾਰੀ = ਗੁਰਮੁਖ ਰੱਬੀ ਬੰਦੇ ਗੁਰੂ ਕੇ ਸੱਚੇ ਸਿੱਖ ਬਣ ਜਾਂਦੇ ਹਨ ॥੩੩੪॥