ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 582


ਸੰਗ ਮਿਲਿ ਚਲੈ ਨਿਰਬਿਘਨ ਪਹੂਚੈ ਘਰ ਬਿਛਰੈ ਤੁਰਤ ਬਟਵਾਰੋ ਮਾਰ ਡਾਰ ਹੈਂ ।

ਜੋ ਸੰਗ ਦੇ ਨਾਲ ਮਿਲ ਕੇ ਚਲਦਾ ਹੈ, ਉਹ ਨਿਰਬਿਘਨ ਘਰ ਪਹੁੰਚਦਾ ਹੈ, ਜੋ ਵਿਛੁੜ ਜਾਏ, ਉਸ ਨੂੰ ਰਾਹ ਮਾਰ ਲੁਟੇਰੇ ਝੱਟ ਮਾਰ ਸੁਟਦੇ ਹਨ।

ਜੈਸੇ ਬਾਰ ਦੀਏ ਖੇਤ ਛੁਵਤ ਨ ਮ੍ਰਿਗ ਨਰ ਛੇਡੀ ਭਏ ਮ੍ਰਿਗ ਪੰਖੀ ਖੇਤਹਿ ਉਜਾਰ ਹੈਂ ।

ਜਿਵੇਂ ਖੇਤ ਨੂੰ ਵਾੜ ਦਿੱਤਿਆਂ ਹਰਨ ਜਾਂ ਮਨੁੱਖ ਨਹੀਂ ਛੁਹ ਸਕਦੇ, ਪਰ ਖੁੱਲ੍ਹਾ ਛਡਿਆਂ ਪਸ਼ੂ, ਪੰਛੀ ਤੇ ਰਾਹਗੀਰ ਖੇਤ ਨੂੰ ਉਜਾੜ ਦਿੰਦੇ ਹਨ।

ਪਿੰਜਰਾ ਮੈ ਸੂਆ ਜੈਸੇ ਰਾਮ ਨਾਮ ਲੇਤ ਹੇਤੁ ਨਿਕਸਤਿ ਖਿਨ ਤਾਂਹਿ ਗ੍ਰਸਤ ਮੰਜਾਰ ਹੈ ।

ਜਿਵੇਂ ਪਿੰਜਰੇ ਵਿਚ ਪਿਆ ਤੋਤਾ ਪ੍ਰੇਮ ਨਾਲ ਰਾਮ ਨਾਮ ਰਟਦਾ ਹੈ, ਪਰ ਜੇ ਨਿਕਲਦਾ ਹੈ ਤਾਂ ਉਸੇ ਵੇਲੇ ਬਿੱਲੀ ਫੜ ਲੈਂਦੀ ਹੈ।

ਸਾਧਸੰਗ ਮਿਲਿ ਮਨ ਪਹੁਚੈ ਸਹਜ ਘਰਿ ਬਿਚਰਤ ਪੰਚੋ ਦੂਤ ਪ੍ਰਾਨ ਪਰਿਹਾਰ ਹੈਂ ।੫੮੨।

ਤਿਵੇਂ ਸਾਧੂ ਦੇ ਸੰਗ ਨੂੰ ਮਿਲ ਕੇ ਮਨ ਸਹਿਜ ਘਰ ਵਿਚ ਪਹੁੰਚ ਜਾਂਦਾ ਹੈ ਪਰ ਜੇ ਖੁੱਲ੍ਹਾ ਵਿਚਰੇ ਤਾਂ ਪੰਜੇ ਦੂਤ ਕਾਮ ਕ੍ਰੋਧਾਦਿ ਪ੍ਰਾਣ ਨਾਸ ਕਰ ਦਿੰਦੇ ਹਨ ॥੫੮੨॥


Flag Counter