ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 271


ਚਰਨ ਕਮਲ ਮਕਰੰਦ ਰਸ ਲੁਭਿਤ ਹੁਇ ਮਨੁ ਮਧੁਕਰ ਸੁਖ ਸੰਪਟ ਸਮਾਨੇ ਹੈ ।

ਸਤਿਗੁਰਾਂ ਦੇ ਚਰਣ ਕਮਲਾਂ ਦੇ ਮਕਰੰਦ ਰਸ ਰੂਪ ਚਰਨ ਰਜ ਧੂਲੀ ਦੇ ਲੁਭਿਤ ਲੁਭਾਇਮਾਨ ਪ੍ਰੇਮੀ ਹੁੰਦੇ ਸਾਰ ਗੁਰਮੁਖ ਦਾ ਮਨ ਭੌਰਾ ਸੁਖ ਪਰਮਾਨੰਦ ਵਿਚ ਸੰਪੁਟ ਸੰਗਲਨ ਮਨ ਹੋ ਕੇ ਸਮਾਨੇ ਸ਼ਾਂਤ ਭਾਵ ਵਿਖੇ ਆ ਜਾਇਆ ਕਰਦਾ ਵਾ ਲਿਵ ਲੀਨ ਹੋ ਜਾਇਆ ਕਰਦਾ ਹੈ।

ਪਰਮ ਸੁਗੰਧ ਅਤਿ ਕੋਮਲ ਸੀਤਲਤਾ ਕੈ ਬਿਮਲ ਸਥਲ ਨਿਹਚਲ ਨ ਡੁਲਾਨੇ ਹੈ ।

ਬਿਖ੍ਯਾਂ ਦੀ ਬਾਸਨਾ ਤੋਂ ਰਹਿਤ ਹੋ ਜਾਣ ਰੂਪ ਪਰਮ ਸੁਗੰਧੀ ਅਰੁ ਕ੍ਰੂਰਤਾ ਦੀ ਅਤ੍ਯੰਤ ਨਿਵਿਰਤੀ ਰੂਪ ਅਤ੍ਯੰਤ ਕੋਮਲਤਾ ਤਥਾ ਪਰਾਈ ਤਾਤ ਵਾ ਐਵੇਂ ਹੀ ਸੜ ਸੜ ਯਾ ਧੁਖ ਧੁਖ ਪੈਣ ਦੀ ਵਾਦੀ ਦੇ ਦੂਰ ਹੋ ਜਾਣ ਰੂਪ ਸੀਤਲਤਾ ਕਾਰਣ ਉਹ ਬਿਮਲ ਸਥੂਲ ਨਿਰਮਲ ਪਦ ਪਰਮ ਪਦ ਵਿਖੇ ਐਸੀ ਅਚੱਲਤਾ ਨੂੰ ਪ੍ਰਾਪਤ ਹੁੰਦਾ ਹੈ ਕਿ ਕਿਸੇ ਤਰ੍ਹਾਂ ਭੀ ਚਲਾਇਮਾਨ ਕੀਤਾ ਗਿਆ ਨਹੀਂ ਡੋਲਿਆ ਕਰਦਾ।

ਸਹਜ ਸਮਾਧਿ ਅਤਿ ਅਗਮ ਅਗਾਧਿ ਲਿਵ ਅਨਹਦ ਰੁਨਝੁਨ ਧੁਨਿ ਉਰ ਗਾਨੇ ਹੈ ।

ਇਸ ਪ੍ਰਕਾਰ ਕਿਸੇ ਦੀ ਗੰਮਤਾ ਤੋਂ ਰਹਿਤ ਤਥਾ ਅਥਾਹ ਲਿਵ ਦ੍ਵਾਰੇ ਸਹਿਜ ਭਾਵ ਵਿਖੇ ਸਮਾਧਿ ਇਸਥਿਤ ਹੋਇਆ ਹੋਇਆ, ਉਰ ਰਿਦੇ ਦਸਮ ਦ੍ਵਾਰ ਅੰਦਰ ਅਨਹਦ ਧੁਨੀ ਦੀ ਰੁਣ ਝੁਣਕਾਰ ਤਾਰ ਲਾਈ ਰਖਿਆ ਕਰਦਾ ਹੈ।

ਪੂਰਨ ਪਰਮ ਜੋਤਿ ਪਰਮ ਨਿਧਾਨ ਦਾਨ ਆਨ ਗਿਆਨ ਧਿਆਨੁ ਸਿਮਰਨ ਬਿਸਰਾਨੇ ਹੈ ।੨੭੧।

ਇਉਂ ਪ੍ਰੀਪੂਰਣ ਪਰਮ ਪ੍ਰਕਾਸ਼ ਸਰੂਪ ਪਰਮ ਨਿਧਾਨ ਪਾਰਬ੍ਰਹਮ ਪਰਮਾਤਮਾ ਨੂੰ ਦਾਨ ਜਾਨ ਕਰ ਕੇ ਅਥਵਾ ਐਸੇ ਸਰਬ ਬਿਆਪੀ ਪਰਮ ਤੇਜਸ੍ਵੀ ਪਰਮ ਭੰਡਾਰ ਰੂਪ ਅਨੁਭਵ ਦੀ ਦਾਨ ਰੂਪ ਦਾਤ ਨੂੰ ਪ੍ਰਾਪਤ ਹੋ ਕੇ ਉਕਤ ਗੁਰਮੁਖ ਹੋਰਨਾਂ ਗਿਆਨ ਧਿਆਨ ਅਰੁ ਸਿਮਰਣ ਆਦਿ ਸਾਧਨਾਂ ਨੂੰ ਬਿਸਾਰ ਦਿਆ ਕਰਦਾ ਹੈ ॥੨੭੧॥


Flag Counter