ਸਤਿਗੁਰਾਂ ਦੇ ਦਰਸ਼ਨ ਦੇ ਧਿਆਨ ਤਾਂਘ ਫਿਕਰ ਖਿੱਚ ਵਿਚ ਹੀ ਲਿਵ ਤਾਰ ਲਗ ਜਾਣ ਕਰ ਕੇ ਦ੍ਰਿਸਟਿ ਨਜ਼ਰ ਅਚਲ ਅਡੋਲ ਹੋ ਗਈ ਹੋਰਨਾਂ ਰੂਪਾਂ ਯਾ ਸੁੰਦਰ ਪਦਾਰਥਾਂ ਵਾ ਤਮਾਸ਼ਿਆਂ ਨਜ਼ਾਰਿਆਂ ਨੂੰ ਤੱਕਨ ਲਈ ਭਟਕਨਾ ਰਹਿਤ ਹੋ ਗਈ।
ਅਰੁ ਸਤਿਗੁਰਾਂ ਦੇ ਰਸਨਾ ਤੋਂ ਨਿਕਲੇ ਸ਼ਬਦ ਬਚਨ ਬਿਲਾਸ ਵਾ ਉਪਦੇਸ਼ ਦੇ ਬਿਬੇਕ ਸਤਿਗੁਰਾਂ ਦੇ ਉਪਦੇਸ਼ੇ ਨਾਮ ਦਾ ਸਿਮਰਣ ਕਰ ਕੇ ਵਾ ਓਨ੍ਹਾਂ ਨੂੰ ਓਨਾਂ ਦਾ ਸੁਜੱਸ ਕਰਦਿਆਂ ਚੇਤੇ ਰਖਣ ਕਰ ਕੇ, ਰਸਨਾ ਸੁਧ ਨਿਰਮਲ ਹੋ ਕੇ ਅਰਥਾਤ, ਬਾਣੀ ਦਿਆਂ ਦੋਖਾਂ ਤੋਂ ਰਹਿਤ ਹੋ ਕੇ ਅਚਲ ਹੋ ਗਈ ਭਾਵ ਨਿੰਦਾ ਬਖੀਲੀ ਚੁਗਲੀ ਆਦਿ ਬਕਵਾਦ ਨੂੰ ਤਿਆਗ ਬੈਠਦਾ ਹੈ। ਅਤੇ ਗੁਰਮਤਿ = ਸਤਿਗੁਰਾਂ ਦੀ ਸਿਖਿਆ ਕਰ ਕੇ ਉਨਮਨੀ ਭਾਵ ਦੇ ਵਾ ਮਗਨਤਾ ਦੇ ਅਸਥਲ ਟਿਕਾਣੇ ਵਾ ਮੰਡਲ ਵਿਖੇ ਅਚਲ ਇਸਥਿਰ ਹੋ ਜਾਂਦਾ ਹੈ।
ਨਾਸਾਂ ਗੁਰੂ ਮਹਾਰਾਜ ਦੇ ਚਰਣ ਕਮਲਾਂ ਦੀ ਰਜ ਦੀ ਸੁਗੰਧੀ ਸੁੰਘਨ ਨਾਲ ਅਤੇ ਕਰ = ਹੱਥ ਓਨਾਂ ਦੀ ਕੋਮਲਤਾਈ ਵਾ ਸੀਤਲਤਾਈ ਨੂੰ ਪਰਸ ਛੋਹ ਕੇ ਅਥਵਾ ਪੂਜਾ ਪ੍ਰਣਾਮ ਨਮਸਕਾਰ ਬੰਦਨਾ ਆਦਿ ਸਤਿਕਾਰ ਕਕੇ ਸਿਰ ਇਹ ਸਭੇ ਅਚੱਲ ਹੋ ਜਾਂਦੇ ਹਨ।
ਗੱਲ ਕੀਹ ਕਿ ਗੁਰਮੁਖੀ ਮਾਰਗ ਵਿਖੇ ਚਾਲੂ ਅੰਗ ਤਥਾ ਅੰਗ ਸਰੀਰ ਦੇ ਭਾਗ ਅਚੱਲ ਨਿੱਚਲੇ ਹੋ ਜਾਂਦੇ ਹਨ, ਜੈਸਾ ਕਿ ਜਲ ਦੀ ਬੂੰਦ ਕਤਰਾ ਜਲ ਵਿਚ ਮਿਲ ਕੇ ਸਮੂਲਚ ਹੀ ਸਮੁੰਦ੍ਰ ਰੂਪ ਬਣ ਜਾਇਆ ਕਰਦੀ ਹੈ ॥੨੭੮॥