ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 662


ਜੋਈ ਮਿਲੈ ਆਪਾ ਖੋਇ ਸੋਈ ਤਉ ਨਾਯਕਾ ਹੋਇ ਮਾਨ ਕੀਏ ਮਾਨਮਤੀ ਪਾਈਐ ਨ ਮਾਨ ਜੀ ।

ਜਿਹੜੀ ਆਪਾ ਗੁਆਕੇ ਮਿਲ ਪਵੇ ਪਤੀ ਨੂੰ ਉਹੋ ਤਾਂ ਪਿਆਰੀ ਪਤਨੀ ਹੋ ਜਾਂਦੀ ਹੈ। ਹੇ ਮਾਣ ਮਤੀ! ਮਾਣ ਕੀਤਿਆਂ ਸਤਿਕਾਰਯੋਗ ਪਤੀ ਨਹੀਂ ਪਾਏ ਜਾਂਦੇ।

ਜੈਸੇ ਘਨਹਰ ਬਰਸੈ ਸਰਬਤ੍ਰ ਸਮ ਉਚੈ ਨ ਚੜਤ ਜਲ ਬਸਤ ਨੀਚਾਨ ਜੀ ।

ਜਿਵੇਂ ਬੱਦਲ ਸਭ ਥਾਵਾਂ ਤੇ ਇਕੋ ਜਿਹਾ ਵਰਸਦਾ ਹੈ; ਪਰ ਪਾਣੀ ਉੱਚਾ ਨਹੀਂ ਚੜ੍ਹਦਾ ਨੀਵੇਂ ਪਾਸੇ ਹੀ ਜਾ ਟਿਕਦਾ ਹੈ।

ਚੰਦਨ ਸਮੀਪ ਜੈਸੇ ਬੂਡ੍ਯੋ ਹੈ ਬਡਾਈ ਬਾਂਸ ਆਸ ਪਾਸ ਬਿਰਖ ਸੁਬਾਸ ਪਰਵਾਨ ਜੀ ।

ਜਿਵੇਂ ਚੰਦਨ ਦੇ ਕੋਲ ਹੋ ਕੇ ਭੀ ਵਾਂਸ ਆਪਣੀ ਵਡਿਆਈ ਵਿਚ ਡੁਬਿਆ ਹੋਇਆ ਹੈ ਕਿ ਮੈਂ ਚੰਦਨ ਤੋਂ ਭੀ ਉੱਚਾ ਹਾਂ; ਪਰ ਆਸ ਪਾਸ ਦੇ ਹੋਰ ਨੀਵੇਂ ਬ੍ਰਿਛਾਂ ਨੂੰ ਸੋਹਣੀ ਵਾਸ਼ਨਾ ਪ੍ਰਵਾਨ ਹੋ ਜਾਂਦੀ ਹੈ।

ਕ੍ਰਿਪਾ ਸਿੰਧ ਪ੍ਰਿਯ ਤੀਯ ਹੋਇ ਮਰਜੀਵਾ ਗਤਿ ਪਾਵਤ ਪਰਮਗਤਿ ਸਰਬ ਨਿਧਾਨ ਜੀ ।੬੬੨।

ਕ੍ਰਿਪਾ ਦੇ ਸਮੁੰਦਰ ਪਿਆਰੇ ਦੀ ਜਗਿਆਸੂ ਰੂਪ ਇਸਤਰੀ ਮਰਜੀਉੜੇ ਵਾਂਗ ਹੋ ਕੇ ਹੀ ਪਰਮ ਗਤੀ ਤੇ ਸਾਰੀਆਂ ਨਿਧੀਆਂ ਪਾ ਲੈਂਦੀ ਹੈ ॥੬੬੨॥