ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 67


ਰਤਨ ਪਾਰਖ ਮਿਲਿ ਰਤਨ ਪਰੀਖਾ ਹੋਤ ਗੁਰਮੁਖਿ ਹਾਟ ਸਾਟ ਰਤਨ ਬਿਉਹਾਰ ਹੈ ।

ਰਤਨ ਪਾਰਖ ਤਰਨਾਂ ਦਾ ਪਰਖਊਆ ਮਿਲੇ ਤਾਂ ਰਤਨ ਪਰੀਖਾ ਹੋਤ ਰਤਨਾਂ ਦੀ ਪਰਖ ਪਛਾਣ ਕੂੜ ਸੱਚਖ ਦਾ ਬਿਬੇਕ ਹੋਯਾ ਕਰਦਾ ਹੈ, ਪ੍ਰੰਤੂ ਇਨਾਂ ਤਰਨਾਂ ਦੇ ਸਾਟ ਸੌਦੇ ਦੀ ਰਚਨਾ ਦਾ ਬਿਉਹਾਰ ਪਵਾਰ ਗੁਰਮੁਖ ਮੁੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਦੇ ਸਤਿਸੰਗ ਰੂਪ ਹੱਟੀ ਉਪਰ ਅਥਵਾ ਸਤਿਗੁਰਾਂ ਦੀ ਮੁਖ ਰੂਪ ਹੱਟੀ ਉਪਰ ਹੁੰਦਾ ਹੈ ਭਾਵ ਗੁਰੂ ਮਹਾਰਾਜ ਦਿਆਂ ਬਚਨਾਂ ਬਾਣੀ ਵਿਖੇ ਇਨਾਂ ਰਤਨਾਂ ਦਾ ਸੌਦਾ ਵਿਹਾਝਨਾ ਪੈਂਦਾ ਹੈ।

ਮਾਨਕ ਹੀਰਾ ਅਮੋਲ ਮਨਿ ਮੁਕਤਾਹਲ ਕੈ ਗਾਹਕ ਚਾਹਕ ਲਾਭ ਲਭਤਿ ਅਪਾਰ ਹੈ ।

ਉਹ ਰਤਨ ਹਨ ਮਾਨਕ ਰਤਨ ਲਾਲ ਰੰਗ ਸੰਪੰਨ ਪ੍ਰੇਮ ਹੀਰਾ ਚਿਟੇ ਰੰਗ ਦਾ ਰਤਨ ਵਿਸ਼ੇਸ਼ ਨਾਮ ਅਮੋਲ ਮਨਿ ਅਮੋਲਕ ਮਣੀਆਂ ਨਗੀਨੇ ਸਮ ਦਮ ਆਦਿਕ ਗਿਆਨ ਦੇ ਸਾਧਨ ਵੈਰਾਗ ਬਿਬੇਕ ਆਦੀ ਮੁਕਤਾਹਲ ਮੋਤੀ = ਅਹਿੱਲ ਮੁਕਤੀ ਪ੍ਰਦਾਤਾ ਬ੍ਰਹਮ ਗ੍ਯਾਨ ਵਾ ਆਹਲ+ਮੁਕਤ = ਸਮੂਹ ਆਹਰ = ਅਰੰਭਾਂ ਤੋਂ ਮੁਕਤ ਛੁੱਟਿਆ ਹੋਣ ਦਾ ਸੁਭਾਵ ਬੇਪ੍ਰਵਾਹੀ ਜਿਹੜਾ ਕੋਈ ਚਾਹਕ ਚਾਹਵੰਦ ਸਿੱਕਵਾਨ ਗਾਹਕ ਗ੍ਰਹਣ ਕਰਨ ਵਾਲਾ ਖ੍ਰੀਦਾਰ ਭਾਵ ਪੂਰਨ ਲੋੜਵੰਦ, ਜਿਗ੍ਯਾਸੀ ਹੋ ਕੇ ਆਵੇ, ਸਤਿਗੁਰਾਂ ਦੇ ਸਤਸੰਗ ਵਿਚ ਏਨਾਂ ਦਿਬ੍ਯ ਰਤਨਾਂ ਨੂੰ ਲੈਣ ਲਈ, ਉਹ ਲਭਦਾ ਹੈ ਪ੍ਰਾਪਤ ਕਰ ਲੈਂਦਾ ਹੈ ਅਪਾਰ ਬੇਅੰਤ ਲਾਭ ਲਾਹੇ ਨੂੰ।

ਸਬਦ ਸੁਰਤਿ ਅਵਗਾਹਨ ਬਿਸਾਹਨ ਕੈ ਪਰਮ ਨਿਧਾਨ ਪ੍ਰੇਮ ਨੇਮ ਗੁਰਦੁਆਰ ਹੈ ।

ਹਾਂ ਮੁੱਲ ਦੇਣਾ ਪੈਂਦਾ ਹੈ ਇਨ੍ਹਾਂ ਦਾ ਗੁਰੂ ਕੇ ਦੁਆਰੇ ਪਰਮ ਨਿਧਾਨ ਰੂਪ ਪ੍ਰੇਮ ਦਾ ਨੇਮ; ਅਤੇ ਸਬਦ ਉਪਦੇਸ਼ ਨੂੰ ਸੁਣ ਕੇ ਓਸ ਦਾ ਅਵਗਾਹਨ ਅਭ੍ਯਾਸ ਕਮਾਈ ਕਰਨਾ। ਤਦ ਜਾ ਕੇ ਇਸ ਸੌਦੇ ਨੂੰ ਬਿਸਾਹਨ ਕੈ ਖਰੀਦ ਕਰ ਸਕੀਦਾ ਹੈ।

ਗੁਰਸਿਖ ਸੰਧਿ ਮਿਲਿ ਸੰਗਮ ਸਮਾਗਮ ਕੈ ਮਾਇਆ ਮੈ ਉਦਾਸ ਭਵ ਤਰਤ ਸੰਸਾਰ ਹੈ ।੬੭।

ਬਸ ਫੇਰ ਤਾਂ ਗੁਰੂ ਸਿੱਖ ਦੇ ਸੰਗਮ ਦਾ ਸਮਾਗਮ ਸੰਜੋਗ ਹੁੰਦੇ ਸਾਰ, ਸੰਧੀ ਮਿਲ ਪੈਂਦੀ ਹੈ ਤੇ ਸਿੱਖ ਗੁਰਮੁਖ ਮਾਇਆ ਮੈ ਉਦਾਸ ਬਿਵਹਾਰ ਕਾਰ ਵਿਖੇ ਵਰਤਦਾ ਹੋਇਆ ਭੀ ਉਦਾਸ ਉਪ੍ਰਾਮ ਅਲੇਪ ਰਹਿਣ ਵਲਾ ਬਣ ਕੇ ਭਵ ਭਉਜਲ ਸੰਸਾਰ ਜਨਮਾਂ ਦੇ ਮੂਲ ਕਾਰਣ ਸੰਸਾਰ ਤੋਂ ਤਰ ਜਾਂਦਾ ਹੈ ॥੬੭॥