ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 586


ਜੈਸੇ ਤਉ ਚੰਪਕ ਬੇਲ ਬਿਬਧ ਬਿਥਾਰ ਚਾਰੁ ਬਾਸਨਾ ਪ੍ਰਗਟ ਹੋਤ ਫੁਲ ਹੀ ਮੈ ਜਾਇ ਕੈ ।

ਜਿਵੇਂ ਚੰਬੇ ਦੀ ਵੇਲ ਦਾ ਤਾਂ ਅਨੇਕ ਤਰ੍ਹਾਂ ਦਾ ਸੋਹਣਾ ਵਿਸਥਾਰ ਹੁੰਦਾ ਹੈ, ਪਰ ਉਸ ਦੀ ਸੁਗੰਛੀ ਫੁੱਲਾਂ ਵਿਚ ਹੀ ਜਾ ਕੇ ਪ੍ਰਗਟ ਹੁੰਦੀ ਹੈ।

ਜੈਸੇ ਦ੍ਰੁਮ ਦੀਰਘ ਸ੍ਵਰੂਪ ਦੇਖੀਐ ਪ੍ਰਸਿਧ ਸ੍ਵਾਦ ਰਸ ਹੋਤ ਫਲ ਹੀ ਮੈ ਪੁਨ ਆਇ ਕੈ ।

ਜਿਵੇਂ ਬ੍ਰਿਛ ਦਾ ਵੱਡਾ ਵਿਸਥਾਰ ਵਾਲਾ ਸਰੂਪ ਤਾਂ ਪ੍ਰਤੱਖ ਦਿੱਸਦਾ ਹੈ, ਪਰ ਸ੍ਵਾਦ ਕੌੜਾ ਜਾਂ ਮਿੱਠਾ ਤੇ ਰਸ ਫਿਰ ਫਲ ਵਿਚੋਂ ਹੀ ਆ ਕੇ ਪ੍ਰਗਟ ਹੁੰਦਾ ਹੈ।

ਜੈਸੇ ਗੁਰ ਗ੍ਯਾਨ ਰਾਗ ਨਾਦ ਹਿਰਦੈ ਬਸਤ ਕਰਤ ਪ੍ਰਕਾਸ ਤਾਸ ਰਸਨਾ ਰਸਾਇ ਕੈ ।

ਜਿਸ ਤਰ੍ਹਾਂ ਕਿਸੇ ਦੇ ਅੰਦਰ ਗੁਰੂ ਦਾ ਦਿੱਤਾ ਗਿਆਨ ਰਾਗ ਤੇ ਨਾਦ ਹਿਰਦੇ ਵਿਚ ਵੱਸਦਾ ਹੈ, ਪਰ ਪ੍ਰਕਾਸ਼ਮਾਨ ਤਦ ਹੀ ਹੁੰਦਾ ਹੈ ਜਦ ਰਸਨਾ ਉਸ ਨੂੰ ਰਸਾ ਕੇ ਸ੍ਵਾਦੀਕ ਬਣਾ ਕੇ ਸੁਣਾਵੇ।

ਤੈਸੇ ਘਟ ਘਟ ਬਿਖੈ ਪੂਰਨ ਬ੍ਰਹਮ ਰੂਪ ਜਾਨੀਐ ਪ੍ਰਤ੍ਯਛ ਮਹਾਂਪੁਰਖ ਮਨਾਇ ਕੈ ।੫੮੬।

ਤਿਵੇਂ ਬ੍ਰਹਮ ਹਰੇਕ ਹਿਰਦੇ ਵਿਚ ਪੂਰਨ ਰੂਪ ਕਰ ਕੇ ਸਮਾਇਆ ਹੋਇਆ ਹੈ। ਪਰ ਪ੍ਰਤੱਖ ਤਦ ਜਾਣਿਆਂ ਜਾਂਦਾ ਹੈ ਜਦ ਕਿਸੇ ਮਹਾਂਪੁਰਖ ਨੂੰ ਮਨਾਇਆ ਜਾਵੇ ॥੫੮੬॥