ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 428


ਜਉ ਲਉ ਕਰਿ ਕਾਮਨਾ ਕਾਮਾਰਥੀ ਕਰਮ ਕੀਨੇ ਪੂਰਨ ਮਨੋਰਥ ਭਇਓ ਨ ਕਾਹੂ ਕਾਮ ਕੋ ।

ਜਿਤਨਾ ਚਿਰ ਪ੍ਰਯੰਤ ਕਾਮਨਾ ਦੇ ਪ੍ਰਯੋਜਨ ਵਾਲੇ ਬਣ ਕਾਮਨਾ ਚਾਹਨਾ ਧਾਰ ਧਾਰ ਕੇ ਸਕਾਮ ਕਰਮਾਂ ਨੂੰ ਕੀਤਾ ਤਾਂ ਕਿਸੇ ਭੀ ਕਾਮਨਾ ਸਬੰਧੀ ਮਨ ਦਾ ਅਰਥ ਪ੍ਰਯੋਜਨ ਪੂਰਾ ਨਾ ਹੋਯਾ।

ਜਉ ਲਉ ਕਰਿ ਆਸਾ ਆਸਵੰਤ ਹੁਇ ਆਸਰੋ ਗਹਿਓ ਬਹਿਓ ਫਿਰਿਓ ਠਉਰ ਪਾਇਓ ਨ ਬਿਸ੍ਰਾਮ ਕੋ ।

ਜਿਤਨਾ ਕਾਲ ਪ੍ਰਯੰਤ ਆਸਵੰਤ ਆਸਾ ਵੰਦ ਉਮੇਦਵਾਰ ਬਣ ਕੇ; ਆਸਾਂ ਉਮੇਦਾਂ ਕਰਦਿਆਂ ਆਸਰੇ ਗ੍ਰਹਿਣ ਕਰਦੇ ਫਿਰੇ ਚਾਹੇ ਰਹੇ ਇਕੋ ਟਿਕਣੇ ਤੇ ਚਾਹੇ ਫਿਰੇ ਦੇਸੀ ਦਿਸੌਰੀ ਬਿਸ੍ਰਾਮ = ਚੈਨ ਦੀ ਠੌਰ ਬਿਲਕੁਲ ਨਾ ਪ੍ਰਾਪਤ ਹੋਈ; ਭਾਵ ਟਿਕਾਣੇ ਸਿਰ ਹੀ ਆਸਾਂ ਦੀ ਸੇਹ ਵਿਚ ਸੰਕਲਪਾਂ ਵਿਕਲਪਾਂ ਦੀ ਫੰਡ ਮਾਰਦੀ ਰਹੀ ਤੋ ਪ੍ਰਦੇਸਾਂ ਵਿਚ ਭਰਮਨਾ ਭਟਕਨਾ ਦਾ ਵਿਖ੍ਯੇਪ ਜਾਨ ਪਾਂਦਾ ਰਿਹਾ; ਨਾ ਇਕਾਂਤ ਸੌਜੀ ਤੇ ਨਾ ਹੀ ਦੁਕਾਂਤ ਵਿਚ ਹੀ ਕੁਛ ਸੌਰਿਆ।

ਜਉ ਲਉ ਮਮਤਾ ਮਮਤ ਮੂੰਡ ਬੋਝ ਲੀਨੋ ਦੀਨੋ ਡੰਡ ਖੰਡ ਖੰਡ ਖੇਮ ਠਾਮ ਠਾਮ ਕੋ ।

ਅਤੇ ਐਸਾ ਹੀ ਜਦੋਂ ਤਕ ਮਮਤਾ ਦੇ ਮੋਹ ਸੰਸਾਰੀ ਪਦਾਰਥਾਂ ਵਾ ਸਰਬੰਧੀਆਂ ਦੇ ਸਨੇਹ ਪ੍ਯਾਰ ਹਦਾ ਭਾਰ ਸਿਰ ਤੇ ਲਈ ਰਖਿਆ ਉਸ ਨੇ ਐਸਾ ਡੰਡ ਦਿੱਤਾ ਕਿ ਖੰਡ ਖੰਡ ਚੂਰ ਚੂਰ ਹੁੰਦੇ ਰਹੇ ਤੇ ਥਾਂ ਥਾਂ ਦਾ ਖੇਦ ਦੁੱਖ ਸਹਾਰਦੇ ਰਹੇ।

ਗੁਰ ਉਪਦੇਸ ਨਿਹਕਾਮ ਅਉ ਨਿਰਾਸ ਭਏ ਨਿਮ੍ਰਤਾ ਸਹਜ ਸੁਖ ਨਿਜ ਪਦ ਨਾਮ ਕੋ ।੪੨੮।

ਜ੍ਯੋਂ ਹੀ ਕਿ ਗੁਰੂ ਕਾ ਉਪਦੇਸ਼ ਲੈ ਗੁਰ ਸਿੱਖ ਸਜੇ ਸਭ ਪ੍ਰਕਾਰ ਦੀਆਂ ਕਾਮਨਾਂ ਤੋਂ ਰਹਿਤ ਹੋ ਗਏ ਅਤੇ ਆਸਾਂ ਵਲੋਂ ਭੀ ਨਿਰਾਸ ਬਣ ਗਏ, ਅਰੁ ਨਿਜ ਪਦ ਹੈ ਨਾਮ ਜਿਸ ਸਹਜ ਸੁਖ ਦਾ ਓਸ ਵਿਖੇ ਨਿਮ੍ਰਤਾ ਮਿਲਨਸਾਰਤਾ ਧਾਰ ਲਈ। ਭਾਵ *ਸਗਲ ਸੰਗ ਹਮ ਕਉ ਬਨਿ ਆਈ* ਵਾਲਾ ਵਰਤਾਰਾ ਵਰਤ ਰਿਹਾ ਹੈ ॥੪੨੮॥


Flag Counter