ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 325


ਜੈਸੇ ਤਉ ਅਕਸਮਾਤ ਬਾਦਰ ਉਦੋਤ ਹੋਤ ਗਗਨ ਘਟਾ ਘਮੰਡ ਕਰਤ ਬਿਥਾਰ ਜੀ ।

ਜੈਸੇ ਤਉ ਜਿਸ ਤਰ੍ਹਾਂ ਨਾਲ 'ਅਕਸਮਾਤ' ਵਾਹਗੁਰੂ ਦੇ ਹੁਕਮ ਅੰਦਰ ਅਚਨਚੇਤ ਕੁਦਰਤੋਂ ਹੀ ਬੱਦਲ ਉਦੇ ਹੋ ਕੇ ਉਪਜ'ਕੇ ਆਕਾਸ਼ ਵਿਖੇ ਘਟਾ ਬਦਲੀਆਂ ਦੇ ਸੰਘਟ ਨੂੰ ਘਮੰਡ ਚਾਰੋਂ ਓਰ ਪਸਾਰਦਾ ਹੋਯਾ ਭਾਵ, ਭਾਰੀ ਝੜੀ ਦਾ ਰੂਪ ਬਣ ਪਸਾਰਾ ਪਸਾਰ੍ਯਾ ਕਰਦਾ ਹੈ, ਹੇ ਪਿਆਰਿਓ!

ਤਾਹੀ ਤੇ ਸਬਦ ਧੁਨਿ ਘਨ ਗਰਜਤ ਅਤਿ ਚੰਚਲ ਚਰਿਤ੍ਰ ਦਾਮਨੀ ਚਮਤਕਾਰ ਜੀ ।

ਤਿਸ ਝੜੀ ਤੋਂ ਸ਼ਬਦ ਧੁਨੀ ਗਰਜਨਾ ਪ੍ਰਗਟ ਕਰ ਕੇ ਬੱਦਲ ਅਤ੍ਯੰਤ ਗੱਜ੍ਯਾ ਕਰਦਾ ਹੈ ਅਤੇ ਚੰਚਲ ਚੇਸ਼ਟਾ ਵਾਲੀ ਦਾਮਿਨੀ ਬਿਜਲੀ ਭੀ ਲਿਸ਼ਕਾਰੇ ਮਾਰਦੀ ਬਹੁਤ ਕੜਕ੍ਯਾ ਕਰਦੀ ਹੈ।

ਬਰਖਾ ਅੰਮ੍ਰਿਤ ਜਲ ਮੁਕਤਾ ਕਪੂਰ ਤਾ ਤੇ ਅਉਖਧੀ ਉਪਾਰਜਨਾ ਅਨਿਕ ਪ੍ਰਕਾਰ ਜੀ ।

ਤਿਸ ਬੱਦਲ ਤੋਂ ਹੀ ਅਮਰੀ ਜਲ ਦਾ ਮੀਂਹ ਵਰਦਾ ਹੈ, ਜਿਸ ਦ੍ਵਾਰੇ ਮੋਤੀ ਅਰੁ ਕਪੂਰ ਤਥਾ ਭਾਂਤ ਭਾਂਤ ਦੀਆਂ ਅਉਖਧੀਆਂ ਜੜੀਆਂ ਬੂਟੀਆਂ ਵਾ ਅੰਨ ਫਲ ਆਦਿ ਉਤਪੰਨ ਹੁੰਦੇ ਹਨ।

ਦਿਬਿ ਦੇਹ ਸਾਧ ਜਨਮ ਮਰਨ ਰਹਿਤ ਜਗ ਪ੍ਰਗਟਤ ਕਰਬੇ ਕਉ ਪਰਉਪਕਾਰ ਜੀ ।੩੨੫।

ਜਿਸ ਤਰ੍ਹਾਂ ਬੱਦਲ ਦਾ ਅਚਨਚੇਤ ਪ੍ਰਗਟਾਣਾ, ਗੱਜਨਾਂ ਬਿਜਲੀਆਂ ਕੜਕਾਨਾ ਤਥਾ ਮੀਂਹ ਪਾਨਾ, ਇਹ ਸਭ ਹੀ ਜੀਵਾਂ ਦੇ ਜੀਵਨ ਰਖ੍ਯਾ ਹਿਤ ਨਾਨਾ ਪ੍ਰਕਾਰ ਦੀਆਂ ਬਨਸਪਤੀਆਂ ਆਦਿ ਪ੍ਰਗਟਾਨਾ ਵਾਹਗੁਰੂ ਦੀ ਕਲਾ ਦੇ ਅਧੀਨ ਹੈ, ਇਸੇ ਪ੍ਰਕਾਰ ਸਾਧ ਭਲਿਆਂ ਪੁਰਖਾਂ ਗੁਰੂ ਕਿਆਂ ਸਿੱਖਾਂ ਦਾ ਦੇਹ ਦਿੱਬ ਦੈਵੀ ਹੁਕਮ ਤੇ ਹੀ ਪ੍ਰਗਟ ਹੋਯਾ ਹੁੰਦਾ ਹੈ, ਉਂਞ ਇਹ ਜਨਮ ਮਰਣ ਤੋਂ ਰਹਿਤ ਹੁੰਦੇ ਹਨ, ਤੇ ਜਗਤ ਵਿਖੇ ਕੇਵਲ ਉਪਕਾਰ ਕਰਨ ਖਾਤਰ ਹੀ ਪ੍ਰਗਟਿਆ ਕਰਦੇ ਹਨ, ਭਾਵ ਇਨ੍ਹਾਂ ਦਾ ਅਚਨਚੇਤ ਦੇਸ਼ ਅੰਦਰ ਕਿਤੇ ਆ ਨਿਕਲਨਾ, ਸਤਿਸੰਗ ਦਾ ਠਾਠ ਇਕੱਠਿਆਂ ਕਰ ਬਹਿਨਾ, ਉਪਦੇਸ਼ ਰੂਪ ਗਰਜਨਾ, ਅਰੁ ਨਾਨਾ ਪ੍ਰਕਾਰ ਦੇ ਦੈਵੀ ਚਮਤਕਾਰ ਕਰਾਮਾਤ ਦੇ ਰੂਪ ਵਿਖੇ ਪ੍ਰਗਟਾਣਾ ਤੇ ਗੁਰਮੁਖਾਂ ਨੂੰ ਵਰੋਸੌਣਾ ਅਤੇ ਅਰਥ ਪ੍ਰਮਾਰਥ ਸਬੰਧੀ ਬਖਸ਼ਸ਼ਾਂ ਦੀਆਂ ਬਰਕਤਾਂ ਬਖਸ਼ਨੀਆਂ ਇਹ ਸਭ ਪਰੋਪਕਾਰ ਮਾਤ੍ਰ ਹੀ ਹੁੰਦੀਆਂ ਹਨ, ਐਸਾ ਕਰਨ ਵਿਚ ਓਨਾਂ ਦਾ ਆਪਣਾ ਪ੍ਰਯੋਜਨ ਕੋਈ ਨਹੀਂ ਹੁੰਦਾ ॥੩੨੫॥