ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 177


ਦੁਰਮਤਿ ਗੁਰਮਤਿ ਸੰਗਤਿ ਅਸਾਧ ਸਾਧ ਕਾਮ ਚੇਸਟਾ ਸੰਜੋਗ ਜਤ ਸਤਵੰਤ ਹੈ ।

ਦੁਰਮਤਿ ਦੁਸ਼ਟ ਬੁਧੀ ਵਾਲੇ ਸੁਭਾਵ ਕਰ ਕੇ ਅਸਾਧ ਭੈੜਿਆਂ ਪੁਰਖਾਂ ਦੀ ਭੈੜੀ ਸੰਗਤਿ ਮੇਲ ਮੁਲਾਕਾਤ ਹੋਇਆ ਕਰਦੀ ਹੈ ਜਿਸ ਕਰ ਕੇ ਜਦ ਕਦ ਕਾਮ ਚੇਸ਼ਟਾ ਵਿਖ੍ਯ ਭੋਗਾਂ ਦੀ ਪ੍ਰਵਿਰਤੀ ਦਾ ਹੀ ਸੰਜੋਗ ਸਮਾਗਮ ਅਉਸਰ ਮਿਲ੍ਯਾ ਕਰਦਾ ਹੈ। ਪ੍ਰੰਤੂ ਗੁਰਮਤਿ ਗੁਰੂਆਂ ਮਹਾਂ ਪੁਰਖਾਂ ਦੇ ਅਨੁਸਾਰ ਵਰਤਨ ਵਾਲੀ ਬੁਧ ਧਾਰਣ ਕਰਨ ਕਰ ਕੇ ਸਾਧ ਭਲਿਆਂ ਪੁਰਖਾਂ ਸੰਤ ਜਨਾਂ ਦੀ ਸ੍ਰੇਸ਼ਟ ਸੰਗਤ ਹੀ ਪ੍ਰਾਪਤ ਹੋਯਾ ਕਰਦੀ ਹੈ ਜਿਸ ਕਰ ਕੇ ਜਦ ਕਦ ਜਤ ਇੰਦ੍ਰੀਆਂ ਨੂੰ ਰੋਕੀ ਰਖਨ ਦੀ ਸਤ ਧਰਮ ਭਾਵੀ ਪ੍ਰਤਿਗ੍ਯਾ ਵਾਲੇ ਬਣੀਦਾ ਹੈ।

ਕ੍ਰੋਧ ਕੇ ਬਿਰੋਧ ਬਿਖੈ ਸਹਜ ਸੰਤੋਖ ਮੋਖ ਲੋਭ ਲਹਰੰਤਰ ਧਰਮ ਧੀਰ ਜੰਤ ਹੈ ।

ਦੁਰਮਤਿ ਦੇ ਕਾਰਣ ਮਨੁੱਖ ਕ੍ਰੋਧ ਕਰਕੇ ਬਿਰੋਧ ਦੰਗੇ ਲੜਾਈ ਵਿਚ ਪ੍ਰਵਿਰਤ ਹੁੰਦਾ ਹੈ ਤਥਾ ਲੋਭ ਦੀ ਲਹਿਰ ਦੇ ਅੰਦਰ ਰੁੜ੍ਹ੍ਯਾ ਲੜਖੜਾਯਾ ਰਹਿੰਦਾ ਹੈ ਅਤੇ ਗੁਰਮਤਿ ਦੇ ਪ੍ਰਭਾਵ ਕਰ ਕੇ ਮਨੁਖ ਸ਼ਾਂਤ ਸੰਤੋਖ ਦਾ ਪਾਲਨ ਕਰਦਾ ਹੋਯਾ ਮੋਖ ਮੁਕਤੀ ਸਾਧਨ ਵਿਚ ਜੁਟਿਆ ਰਹਿੰਦਾ ਹੈ ਤਥਾ ਧਰਮ ਵਿਖੇ ਧੀਰ ਧੀਰਜ ਧਾਰਣਹਾਰਾ ਬਣ੍ਯਾ ਰਹਿੰਦਾ ਹੈ।

ਮਾਇਆ ਮੋਹ ਦ੍ਰੋਹ ਕੈ ਅਰਥ ਪਰਮਾਰਥ ਸੈ ਅਹੰਮੇਵ ਟੇਵ ਦਇਆ ਦ੍ਰਵੀਭੂਤ ਸੰਤ ਹੈ ।

ਦੁਰਮਤਿ ਦੇ ਅਧੀਨ ਹੋਯਾ ਮਨੁਖ ਮਾਯਾ ਦੇ ਮੋਹ ਕਰ ਕੇ ਅਰਥ ਧਨ ਵਾ ਵਿਹਾਰ ਪਿਛੇ ਧਰੋਹ ਕਰ੍ਯਾ ਕਰਦਾ ਹੈ ਤਥਾ ਮੈਂਹੀ ਹਾਂ ਐਸੀ ਤੀਸ ਮਾਰਖਾਂ ਵਾਲੀ ਗਰੂਰੀ ਹਉਮੈ ਦੀ ਟੇਵ ਖੋਟੀ ਵਾਦੀ ਵਿਚ ਵਰਤਦਾ ਹੈ, ਪ੍ਰੰਤੂ ਗੁਰਮਤਿ ਦੇ ਅਧੀਨ ਵਰਤਨ ਵਾਲਾ ਆਦਮੀ ਪਰਮਾਰਥ ਪਰਮ ਪ੍ਰਯੋਜਨ ਰੂਪ ਮੁਕਤੀ ਸਾਧਨ ਦੇ ਨਾਲ ਹੀ ਪ੍ਰਯੋਜਨ ਸਮਝਨ ਕਰ ਕੇ ਦਯਾ ਭਾਵ ਦੇ ਕਾਰਣ ਪ੍ਰੇਮ ਵਿਚ ਪੰਘਰਿਆ ਰਹਿਣ ਵਾਲਾ ਸੰਤ ਸ਼ਾਂਤ ਰਹਿੰਦਾ ਹੈ।

ਦੁਕ੍ਰਿਤ ਸੁਕ੍ਰਿਤ ਚਿਤ ਮਿਤ੍ਰ ਸਤ੍ਰਤਾ ਸੁਭਾਵ ਪਰਉਪਕਾਰ ਅਉ ਬਿਕਾਰ ਮੂਲ ਮੰਤ ਹੈ ।੧੭੭।

ਦੁਰਮਤਿ ਦੇ ਕਾਰਣ ਚਿੱਤ ਦੁਕ੍ਰਿਤ ਭੈੜੀ ਕਿਰਤ ਵਾਲਾ ਪਾਪੀ ਤੇ ਗੁਰਮਤਿ ਕਾਰਣ ਚਿੱਤ ਸੁਕ੍ਰਿਤ ਸ੍ਰੇਸ਼ਟ ਕਰਣੀ ਵਾਲਾ ਪੁੰਨ੍ਯਾਤਮਾ ਹੁੰਦਾ ਹੈ। ਐਸਾ ਹੀ ਗੁਰਮਤਿ ਕਾਰਣ ਮਿਤਰਤਾ ਵਾਲੇ ਸੁਭਾਵ ਵਾਲਾ ਤੇ ਦੁਰਮਤਤਾ ਕਾਰਣ ਸਤੁਪਣੇ ਦੀ ਵਾਦੀ ਵਾਲਾ ਹੁੰਦਾ ਹੈ ਅਰੁ ਏਨਾਂ ਦਾ ਇਸੇ ਹੀ ਗੁਰਮਤਿ ਦੁਰਮਤਿ ਕਾਰਣ ਪਰਉਪਕਾਰ ਪਾਲਨਾ ਤੇ ਵਿਗਾੜ ਹੀ ਖੜਾ ਕਰਨਾ ਮੁਖ ਮੰਤਵ ਮੂਲ ਮੁੰਦਾ ਹੁੰਦਾ ਹੈ ॥੧੭੭॥