ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 48


ਚਰਨ ਸਰਨਿ ਮਨ ਬਚ ਕ੍ਰਮ ਹੁਇ ਇਕਤ੍ਰ ਤਨ ਤ੍ਰਿਭਵਨ ਗਤਿ ਅਲਖ ਲਖਾਈ ਹੈ ।

ਮਨ ਬਾਣੀ ਸਰੀਰ ਜੇਕਰ ਚਰਣਾਂ ਦੀ ਸਰਣ ਅੰਦਰ ਵਰਤਦਿਆਂ ਇਕਤ੍ਰ ਹੋ ਜਾਣ ਤਾਂ ਤ੍ਰਿਭਵਨ ਤ੍ਰਿਲੋਕੀ ਦੀ ਗਤਿ ਦਸ਼ਾ ਜੋ ਅਲਖ ਰੂਪ ਸੀ ਸਰੀਰ ਦੇ ਅੰਦਰ ਹੀ ਲਖਤਾ ਵਿਚ ਆ ਜਾਂਦੀ ਪ੍ਰਤੀਤ ਹੋਣ ਲਗ ਪਿਆ ਕਰਦੀ ਹੈ।

ਮਨ ਬਚ ਕਰਮ ਕਰਮ ਮਨ ਬਚਨ ਕੈ ਬਚਨ ਕਰਮ ਮਨ ਉਨਮਨੀ ਛਾਈ ਹੈ ।

ਭਾਵ ਜੋ ਕੁਛ ਮਨ ਦੇ ਅੰਦਰ ਹੋਵੇ, ਉਹ ਬਚ ਬਚਨ ਬਾਣੀ ਤੇ ਆਵੇ, ਅਤੇ ਓਹੋ ਹੀ ਫੇਰ ਸਰੀਰ ਦ੍ਵਾਰੇ ਕਰਣੀ ਰੂਪ ਹੋ ਵਰਤੇ ਅਰਥਾਤ ਸਰੀਰ ਮਨ ਬਾਣੀ ਕਰ ਕੇ ਕਥਨੀ ਕਰਣੀ ਅਰੁ ਸੰਕਲਪ ਸਾਧਨਾਂ ਦ੍ਵਾਰੇ ਅਪਨੇ ਆਪ ਨੂੰ ਐਸਾ ਸਾਧੇ ਕਿ ਬਾਣੀ ਬੋਲਦਿਆਂ, ਕੰਮ ਕਜ ਕਰਦਿਆਂ ਤਥਾ ਸੰਕਲਪਾਂ ਦੀ ਤਾਰ ਵਿਖੇ ਇਕ ਮਾਤ੍ਰ ਉਨਮਨੀ ਦਸ਼ਾ ਹੀ ਵਰਤੀ ਰਹੇ।

ਗਿਆਨੀ ਧਿਆਨੀ ਕਰਨੀ ਜਿਉ ਗੁਰ ਮਹੂਆ ਕਮਾਦਿ ਨਿਝਰ ਅਪਾਰ ਧਾਰ ਭਾਠੀ ਕੈ ਚੁਆਈ ਹੈ ।

ਤਾਂ ਐਹੋ ਜੇਹੇ ਗਿਆਨੀ ਤ੍ਰਿਲੋਕੀ ਦੀ ਹੀ ਦਸ਼ਾ ਨੂੰ ਅਪਨੇ ਅੰਦਰ ਜਾਨਣ ਵਾਲੇ ਗੁਰਮੁਖ ਦਾ ਗਿਆਨ ਅਰੁ ਮਨ ਦੇ ਘਾਟ ਪੁਰ ਅਵਸ਼੍ਯਕ ਸੋਚਾਂ ਵੀਚਾਰਾਂ ਨੂੰ ਕਰਦੇ ਵਰਤਦੇ ਹੋਏ ਉਸ ਦਾ ਉਨਮਨੀ ਧਿਆਨ ਤਥਾ ਸਰੀਰ ਯਾਤ੍ਰਾ ਦੇ ਨਿਬਾਹਨ ਸਬੰਧੀ ਸਮੂੰਹ ਕਾਰ ਵਿਹਾਰ ਰੂਪ ਕਰਣੀ ਉਸ ਦੀ ਉਨਮਨੀ ਭਾਵ ਰੂਪ ਕਰਣੀ ਹੀ ਹੁੰਦੀ ਹੈ ਇਹ ਤਿੰਨੇ ਗਿਆਨ ਧਿਆਨ ਅਰੁ ਕਰਣੀ ਗੁੜ ਮਹੂਏ ਤਥਾ ਕਮਾਦ ਸਮਾਨ ਸਮਝ ਕੇ ਜਿਹੜਾ ਕੋਈ ਇਨ੍ਹਾਂ ਤਿੰਨਾਂ ਸਾਧਨਾਂ ਨੂੰ ਸਰੀਰ ਕਰਣੀ ਸੰਪੰਨ ਹੋਣ ਅਰਥ ਤੇ ਬਾਣੀ ਕਰ ਕੇ ਗਿਆਂਨ ਸੰਯੁਕ੍ਤ ਤਥਾ ਮਨ ਕਰ ਕੇ ਧਿਆਨ ਪਰਾਇਣ ਹੋਣ ਦੇ ਅਭ੍ਯਾਸ ਨੂੰ ਇਕ ਸਮ ਅਭ੍ਯਾਸੇ, ਤਾਂ ਇਸ ਅਭ੍ਯਾਸ ਰੂਪ ਭੱਠ ਦ੍ਵਾਰੇ ਅਪਾਰ ਧਾਰਾ ਅੰਮ੍ਰਿਤ ਦੀ ਨਿਝਰ ਇਕ ਰਸ ਚੁਆਈ = ਚੋ ਆਯਾ ਕਰਦੀ ਹੈ।

ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਨ ਪੂਰਨ ਹੁਇ ਗੁਰਮੁਖਿ ਸੰਧਿ ਮਿਲੇ ਸਹਜ ਸਮਾਈ ਹੈ ।੪੮।

ਤਿਸ ਅੰਮ੍ਰਿਤ ਦੇ ਨਿਧਾਨ ਭੰਡਾਰ ਰੂਪ ਪ੍ਰੇਮ ਰਸ ਅਨੁਭਵ ਨੂੰ ਪਾਨ ਛਕ ਕਰ ਕੇ ਪੂਰਨ ਤ੍ਰਿਪਤ ਹੋ ਜਾਇਆ ਕਰਦਾ ਹੈ। ਜਦ ਕਿ ਗੁਰਮੁਖ ਦੀ ਸਤਿਗੁਰੂ ਅੰਤਰਯਾਮੀ ਅਕਾਲ ਪੁਰਖ ਨਾਲ ਸੰਧੀ ਮਿਲ ਜਾਂਦੀ ਹੈ ਜਿਸ ਕਰ ਕੇ ਉਹ ਸਹਜ ਸਰੂਪ ਸ਼ਾਂਤ ਪਦ ਵਿਖੇ ਸਮਾਈ ਵਿਲੀਨਤਾ ਨੂੰ ਪ੍ਰਾਪਤ ਹੋ ਜਾਂਦਾ ਹੈ ॥੪੮॥


Flag Counter