ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 94


ਚਤੁਰ ਬਰਨ ਮਿਲਿ ਸੁਰੰਗ ਤੰਬੇਲ ਰਸ ਗੁਰਸਿਖ ਸਾਧਸੰਗ ਰੰਗ ਮੈ ਰੰਗੀਲੇ ਹੈ ।

ਚਾਰ ਬਰਨ ਚੂਨਾ ਕੱਥ ਆਦਿ ਚਾਰੋਂ ਰੰਗ ਮਿਲ ਕੇ ਜੀਕੂੰ ਪਾਨ ਵਿਚੋਂ ਗੂੜ੍ਹਾ ਲਾਲ ਰੰਗ ਰਸ ਭਰਿਆ ਨਿਕਲ ਔਂਦਾ ਹੈ, ਤੀਕੂੰ ਹੀ ਚਾਰੋਂ ਬਰਣਾਂ ਦੇ ਆਦਮੀ ਗੁਰ ਸਿੱਖਾਂ ਦੇ ਸਤਿਸੰਗ ਦੇ ਰੰਗ ਵਿਚ ਰਚਕੇ ਰੰਗੀਲੇ ਗੁਰੂ ਜੀ ਦੇ ਪ੍ਰੇਮੀ ਲਾਡਲੇ ਸਿੱਖ ਬਣ ਜਾਂਦੇ ਹਨ।

ਖਾਂਡ ਘ੍ਰਿਤ ਚੂਨ ਜਲ ਮਿਲੇ ਬਿੰਜਨਾਦਿ ਸ੍ਵਾਦ ਪ੍ਰੇਮ ਰਸ ਅੰਮ੍ਰਿਤ ਮੈ ਰਸਿਕ ਰਸੀਲੇ ਹੈ ।

ਜਿਸ ਤਰ੍ਹਾਂ ਖੰਡ, ਘਿਉ, ਚੂਨ ਮੈਦਾ ਅਰੁ ਜਲ ਚਾਰੋਂ ਹੀ ਅਗਨਿ ਤੇ ਚੜ੍ਹ ਕੇ ਮਿਲਦਿਆਂ ਹੋਇਆਂ ਸ੍ਵਾਦੀਕ ਬਿੰਜਨਾਦਿ ਛਕਨ ਦੇ ਅਨੇਕ ਸਰੂਪੀ ਪਦਾਰਥ ਬਣਾ ਜਾਯਾ ਕਰਦੇ ਹਨ, ਇਸੇ ਤਰ੍ਹਾਂ ਸਤਿਗੁਰੂ ਦੇ ਘਰ ਪ੍ਰਵਾਣ ਪੈ ਕੇ ਚਾਰੋਂ ਵਰਣ ਹੀ ਅੰਮ੍ਰਿਤ ਮਈ ਪ੍ਰੇਮ ਰਸ ਦੇ ਰਸਿਕ ਚਸਕੇ ਵਾਲੇ ਪ੍ਰੀਤਵਾਨ ਬਣਕੇ, ਸ੍ਵਯੇ ਰਸੀਲੇ ਰਸ ਵਾਲੇ ਗੁਰਮੁਖ ਪ੍ਯਾਰੇ ਬਣ ਜਾਯਾ ਕਰਦੇ ਹਨ।

ਸਕਲ ਸੁਗੰਧ ਸਨਬੰਧ ਅਰਗਜਾ ਹੋਇ ਸਬਦ ਸੁਰਤਿ ਲਿਵ ਬਾਸਨਾ ਬਸੀਲੇ ਹੈ ।

ਕਸਤੂਰੀ, ਗੋਰੋਚਨ, ਮੁਸ਼ਕਬਿਲਾਈ ਤਥਾ ਚੰਨਣ ਆਦਿ ਸੰਪੂਰਣ ਸੁਗੰਧੀਆਂ ਸਨਬੰਧ ਪਾ ਕੇ ਆਪੋ ਵਿਚ ਮਿਲ ਕੇ ਅਰਗਜਾ ਅੰਬੀਰ ਨਾਮ ਦਾ ਸੁਗੰਧੀ ਸੰਚਯ ਬਣ ਜਾਂਦਾ ਹੈ, ਇਸੇ ਪ੍ਰਕਾਰ ਸਤਿਗੁਰੂ ਦਾ ਮੰਤ੍ਰ ਉਪਦੇਸ਼ ਅਤੇ ਸੁਰਤਿ ਸਰੀਰ ਦੇ ਸਮੂਹ ਅੰਗਾਂ ਦੀ ਚੇਸ਼ਟਾ ਵਾ ਸਬੰਧ ਦੀ ਅੰਦਰੋਂ ਬਾਹਰੋਂ ਸਭ ਸੂਝ ਰਖਣ ਵਾਲੀ, ਚੇਤਨ ਸ਼ਕਤੀ ਤੇ ਲਿਵ ਇਸ ਸ਼ਬਦ ਤੇ ਸੁਰਤ ਦੀ ਮੇਲ ਰੂਪ ਤਾਰ ਤਥਾ ਇਨਾਂ ਤਿੰਨਾਂ ਦੀ ਇਕਤਾਰਤਾ ਤੋਂ ਉਪਜੀ ਹਈ ਅਨੁਭਵਾਕਾਰ ਗੰਮਤਾ ਨੂੰ ਪ੍ਰਾਪਤ ਹੋ ਕੇ ਏਨਾਂ ਚੌਹਾਂ ਦ੍ਵਾਰੇ ਗੁਰਮੁਖ ਜਨ ਬਸੀਲੇ ਆਤਮ ਪਦ ਬਾਸੀ ਅਨੁਭਵੀ ਮਹਿਕਾਰ ਸੰਪੰਨ ਬਣ ਜਾਂਦੇ ਹਨ।

ਪਾਰਸ ਪਰਸਿ ਜੈਸੇ ਕਨਿਕ ਅਨਿਕ ਧਾਤੁ ਦਿਬਿ ਦੇਹ ਮਨ ਉਨਮਨ ਉਨਮੀਲੇ ਹੈ ।੯੪।

ਅਰੁ ਫੇਰ ਜੈਸੇ ਅਨੇਕ ਧਾਤਾਂ ਪਾਰਸ ਨੂੰ ਪਰਸਕੇ ਸ੍ਵਰਣ ਭਾਵ ਵਿਚ ਵਿਲੀਨ ਹੋ ਜਾਯਾ ਕਰਦੀਆਂ ਹਨ ਐਸੇ ਹੀ ਸਤਿਗੁਰਾਂ ਨੂੰ ਭੇਟਕੇ ਗੁਰਮੁਖ ਦਿਬ੍ਯ ਦੇਹ ਤੇਜਸ੍ਵੀ ਸਰੂਪ ਸਿੱਖੀ ਭਾਵ ਨੂੰ ਪ੍ਰਾਪਤ ਹੋ ਕੇ ਉਨਮਨ ਉਨਮਨੀ ਭਾਵ ਵਿਖੇ ਵਾ ਮਗਨਾਨੀ ਗੁਰੂ ਰੰਗ ਰੱਤੀ ਅਵਸਥਾ ਵਿਖੇ ਮਨ ਉਨਮੀਲੇ ਹੈ ਮਨ ਲਿਵਲੀਨ ਪ੍ਰੇਮ ਗੁੱਟ ਅਲਮਸਤ ਸਰੂਪ ਹੋ ਜਾਯਾ ਕਰਦੇ ਹਨ ॥੯੪॥