ਤੁਸ ਮੈ ਤੰਦੁਲ ਬੋਏ ਨਿਪਜੈ ਸਹੰਸ੍ਰ ਗੁਨੋ ਜਿਤਨਾ ਚਿਰ ਤਾਂ ਤੁਸ ਤੋਹ ਦੇ ਅੰਦਰ ਤੰਦੁਲ ਚੌਲ ਹੋਵੇ, ਤਦ ਤਕ ਤਾਂ ਬੀਜਿਆਂ ਨਿਪਜੈ ਉਪਜਦਾ ਹੈ ਸਹੰਸਰ ਗੁਣਾ ਇਕ ਇਕ ਦਾ ਹਜਾਰ ਗੁਣਾਂ ਹੋ ਹੋ ਕੇ ਐਸਾ ਹੀ ਉਹ ਫੇਰ ਅਗੇ ਦੇਹ ਧਾਰਿ ਕਰਤ ਹੈ ਪਰਉਪਕਾਰ ਜੀ ਅਪਣੇ ਆਪ ਨੂੰ ਅਨੇਕਾਂ ਰੂਪਾਂ ਵਿਚ ਵਰਤਾ ਕੇ ਭੁੱਖ ਨਿਵਿਰਤੀ ਤਥਾ ਲਾਭ ਪ੍ਰਾਪਤੀ ਆਦਿ ਦ੍ਵਾਰਾ ਜੀਵਾਂ ਉਪਰ ਪਰਉਪਕਾਰ ਕਰ੍ਯਾ ਕਰਦਾ ਹੈ ਹੇ ਪਿਆਰਿਓ!
ਤੁਸ ਮੈ ਤੰਦੁਲ ਨਿਰਬਿਘਨ ਲਾਗੈ ਨ ਘੁਨ ਤੋਹਾਂ ਅੰਦਰ ਝੋਨੇ ਦੇ ਉਪਰਲੇ ਪੜਦੇ ਵਿਚਾਲੇ ਤੰਦੁਲ ਚੌਲ ਨੂੰ ਘੁਨ ਨਹੀਂ ਲਗ ਸਕਦਾ, ਉਹ ਨਿਰਵਿਘਨ ਰਿਹਾ ਕਰਦਾ ਹੈ, ਤੇ ਰਾਖੇ ਰਹੈ ਚਿਰੰਕਾਲ ਚਿਰਕਾਲ ਰਖਿਆ ਰਹਿ ਸਕਦਾ ਹੈ ਉਸ ਦਾ ਬਿਕਾਰ ਵਿਗਾੜ ਨਹੀਂ ਹੋ ਸਕਦਾ।
ਪਰ ਜਦ ਤੁਸ ਮੈ ਨਿਕਸਿ ਤੋਹ ਵਿਚੋਂ ਬਾਹਰ ਨਿਕਲ ਪਵੇ, ਤਾਂ ਹੋਇ ਭਗਨ ਮਲੀਨ ਰੂਪ ਟੁੱਟ ਭੁਰ ਭੀ ਜਾਂਦਾ ਹੈ ਤੇ ਮੈਲੀ ਸ਼ਕਲ ਵਾਲਾ ਵੀ ਹੋ ਜਾਂਦਾ ਹੈ ਅਰੁ ਸ੍ਵਾਦ ਕਰਵਾਇ ਸ੍ਵਾਦ ਭੀ ਪਏ ਪਏ ਦਾ ਕਸੈਲਾ ਜਿਹਾ ਹੋ ਜਾਂਦਾ ਹੈ, ਅਤੇ ਰਾਧੇ ਰਹੈ ਨ ਸੰਸਾਰ ਜੀ ਰਿੰਨਿਆਂ ਹੋਇਆ ਤਾਂ ਫੇਰ ਸੰਸਾਰ ਉਪਰ ਰਹਿ ਹੀ ਨਹੀਂ ਸਕਿਆ ਕਰਦਾ।
ਏਸੇ ਤਰਾਂ ਜੇਕਰ ਤਾਂ ਮਨੁੱਖ ਗੁਰ ਉਪਦੇਸ ਗੁਰਸਿਖ ਗ੍ਰਿਹ ਮੈ ਬੈਰਾਗੀ ਗੁਰ ਉਪਦੇਸ਼ ਨੂੰ ਧਾਰਣ ਕਰ ਕੇ ਗੁਰ ਸਿੱਖ ਬਣ ਜਾਵੇ ਤਾਂ ਤਾਂ ਉਹ ਗ੍ਰਿਹ ਤਜਿ ਬਨ ਖੰਡ ਹੋਤ ਨ ਉਧਾਰ ਜੀ ਗੁਰ ਉਪਦੇਸ਼ ਧਾਰੇ ਬਿਨਾਂ ਗੁਰ ਸਿੱਖ ਸਜੇ ਬਿਨਾਂ ਚਾਹੇ ਘਰ ਤਿਆਗ ਕੇ ਬਨਖੰਡ ਜੰਗਲ ਦੇਸ਼ ਉਜਾੜ ਬੀਆਬਾਨ ਵਿਚ ਭੀ ਜਾ ਵੱਸੇ, ਤਾਂ ਕਦਾਚਿਤ ਉਧਾਰ ਨਹੀਂ ਹੋ ਸਕੇਗਾ ਭਾਵ ਕਈ ਪ੍ਰਕਾਰ ਦੀਆਂ ਲੋੜਾਂ ਥੋੜਾਂ ਦੀ ਮਜਬੂਰੀ ਵਿਚ ਸੰਗਤ ਕੁਸੰਗਤ ਕਰ ਬੈਠਣ ਵਿਚ ਸਦਾ ਹਾਨੀ ਦਾ ਖਤਰਾ ਹੀ ਸੰਸ੍ਯਾਂ ਵਿਚ ਜਕੜੀ ਰਖੇਗਾ ॥੧੨੧॥