ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 71


ਆਦਿ ਕੈ ਅਨਾਦਿ ਅਰ ਅੰਤਿ ਕੈ ਅਨੰਤ ਅਤਿ ਪਾਰ ਕੈ ਅਪਾਰ ਨ ਅਥਾਹ ਥਾਹ ਪਾਈ ਹੈ ।

ਆਦਿ ਕੈ ਅਨਾਦਿ ਆਦਿ ਅਰੰਭ ਵੱਲੋਂ ਅਨਾਦਿ ਆਦਿ ਰਹਤ ਹਨ ਭਾਵ ਜੇਕਰ ਕੋਈ ਸਤਿਗੁਰਾਂ ਦੀ ਆਦਿ ਅਰੰਭ ਜਾਨਣ ਦਾ ਜਤਨ ਕਰੇ, ਕਿ ਸਤਿਗੁਰ ਕਦ ਅਰੁ ਕਿਸ ਜੁਗ ਵਿਚ ਪ੍ਰਗਟੇ ਤਾਂ ਓਨਾਂ ਦੀ ਆਦਿ ਨਹੀਂ ਪਾਈ ਜਾ ਸਕਦੀ, ਕ੍ਯੋਂਕਿ ਸਤਿਗੁਰ ਜੁਗ ਜੁਗ ਵਿਖੇ ਹੀ ਪ੍ਰਗਟ ਰਹਿੰਦੇ ਹਨ। ਅਤੇ ਅੰਤ ਕੈ ਅਨੰਤ ਅਤਿ ਅੰਤ ਵੱਲੋਂ ਅਰਥਾਤ ਅੰਤ ਦਾ ਪੱਖ ਕੋਈ ਲਵੇ ਤਾਂ ਓਸ ਵੱਲੋਂ ਅਤਿ ਸੈ ਕਰ ਕੇ ਅਨੰਤ ਹਨ ਕ੍ਯੋਂਕਿ ਹਰ ਦੇਸ ਕਾਲ ਅਰੁ ਵਸਤੂ ਅੰਦਰ ਹੀ ਓਨਾਂ ਦੀ ਕਲਾ ਮਰੀ ਵ੍ਯਾਪੀ ਰਹਿੰਦੀ ਹੈ ਅਰੁ ਐਸਾ ਹੀ ਪਾਰ ਕੈ ਅਪਾਰ ਓਨਾਂ ਦਾ ਪਾਰ ਭੀ ਕੋਈ ਨਹੀਂ ਪਾ ਸਕਦਾ, ਕ੍ਯੋਂਕਿ ਓਨਾਂ ਤੋਂ ਪਾਰ ਪਰੇ ਪਰਲੇ ਕਿਨਾਰੇ ਉਨ੍ਹਾਂ ਬਿਨਾਂ ਦੂਆ ਹੋਰ ਕੋਈ ਨਹੀਂ ਹੈ ਓਨਾਂ ਦੇ ਸ੍ਵਯੰ ਪੂਰਨ ਪਾਰਬ੍ਰਹਮ ਸ੍ਵਰੂਪ ਹੋਣ ਕਰ ਕੇ। ਫੇਰ ਓਨਾਂ ਦੀ ਥਾਹ ਹਾਥ ਭੀ ਕਿਸੇ ਨੇ ਨਹੀਂ ਪਾਈ, ਕ੍ਯੋਂਕਿ ਉਹ ਅਥਾਹ ਅਗਾਧ ਰੂਪ ਹਨ ਭਾਵ ਓਨਾਂ ਦਾ ਥੌਹ ਥਿੱਤਾ ਅੱਜ ਤੱਕ ਕੋਈ ਨਹੀਂ ਪਾ ਸਕਿਆ।

ਮਿਤਿ ਕੈ ਅਮਿਤਿ ਅਰ ਸੰਖ ਕੈ ਅਸੰਖ ਪੁਨਿ ਲੇਖ ਕੈ ਅਲੇਖ ਨਹੀ ਤੌਲ ਕੈ ਤੌਲਾਈ ਹੈ ।

ਮਿਤ ਕੈ ਅਮਿਤ ਮ੍ਰਯਾਦਾ ਵੱਲੋਂ ਅਥਵਾਂ ਮਿਣਤੀ ਵਜੋਂ, ਉਹ ਅਮੇਉ ਅਮਾਪ ਰੂਪ ਹਨ, ਭਾਵ ਓਨਾਂ ਦੀ ਲੰਬਾਈ ਚੁੜਾਈ ਦੀ ਮ੍ਰਯਾਦਾ ਜਾਨਣ ਤੋਂ ਪਰੇ ਹੈ ਬਹੁੜੋ ਫੇਰ ਅਰੁ ਇੰਞੇਂ ਹੀ ਫੇਰ ਸੰਖ ਕੈ ਅਸੰਖ ਸੰਖ੍ਯਾ ਗੇਣਤੀ ਵਾਲੇ ਪੱਖੋਂ ਭੀ ਉਹ ਅਸੰਖ ਬੇਸ਼ੁਮਾਰ ਅਨਗਿਣਤ ਸਰੂਪ ਹਨ ਅਤੇ ਲੇਖੇ ਵੱਲੋਂ ਅਲੇਖ ਲੇਖ੍ਯੋਂ ਪਾਰ ਹਨ ਅਰੁਉਹ ਤੋਲ ਕੈ ਤੋਲਨ ਕਰ ਕੇ ਜਾਚ੍ਯਾਂ ਹਾੜ੍ਯਾਂ ਨਹੀਂ ਤੁਲਾਈ ਹੈ ਕਿਸੇ ਪ੍ਰਕਾਰ ਤੋਲੇ ਹਾੜੇ ਯਾ ਜਾਚੇ ਨਹੀਂ ਜਾ ਸਕਦੇ।

ਅਰਧ ਉਰਧ ਪਰਜੰਤ ਕੈ ਅਪਾਰ ਜੰਤ ਅਗਮ ਅਗੋਚਰ ਨ ਮੋਲ ਕੈ ਮੁਲਾਈ ਹੈ ।

ਅਰਧ ਹੇਠਾਂ ਉਰਧ ਉਪਰ ਦੀ ਪਰਜੰਤ ਹੱਦ ਓੜਕ ਵੱਲੋਂ ਉਹ ਅਪਾਰਜੰਤ ਅਪ੍ਰਜੰਤ ਅਸੀਮ ਬੇਓੜਕੇ ਹਨ। ਭਾਵ ਹੇਠਾਂ ਉਪਰ ਦੀਆਂ ਹੱਦਾਂ ਵੱਟਾਂ ਵਿਚ ਭੀ ਉਹ ਨਹੀਂ ਆ ਸਕਦੇ। ਤੇ ਅਗੰਮ ਮਨ ਬੁਧ ਆਦਿ ਅੰਤਾਕਰਣ ਦੀ ਗੰਮਤਾ ਤੋਂ ਰਹਿਤ ਹਨ ਅਤੇ ਅਗੋਚਰ ਇੰਦ੍ਰੀਆਂ ਦੇ ਘੇਰੇ ਵਿਚ ਨਹੀਂ ਆ ਸਕਦੇ ਭਾਵ ਨਿਰਵਿਖਯ ਸਰੂਪ ਹਨ ਤਥਾ ਮੋਲ ਕੈ ਨ ਮੁਲਾਈ ਹੈ ਮੁੱਲ ਵੱਜੋਂ ਓਨਾਂ ਦਾ ਮੁੱਲ ਨਹੀਂ ਕਿਸੇ ਪ੍ਰਕਾਰ ਪਾਇਆ ਜਾ ਸਕਦਾ।

ਪਰਮਦਭੁਤ ਅਸਚਰਜ ਬਿਸਮ ਅਤਿ ਅਬਿਗਤਿ ਗਤਿ ਸਤਿਗੁਰ ਕੀ ਬਡਾਈ ਹੈ ।੭੧।

ਬਹੁਤ ਕੀਹ ਆਖੀਏ, ਸਤਿਗੁਰੂ ਪਰਮਦਭੁਤ ਅਤਿਸੈ ਕਰ ਕੇ ਅਚੰਭਤਕਾਰੀ ਸਰੂਪ ਵਾਲੇ ਹਨ, ਅਰੁ ਅਤੀ ਕਰ ਕੇ ਅਸਚਰਜ ਵਿਚਿਤ੍ਰ ਸਰੂਪ ਤਥਾ ਪ੍ਰੇਸ਼ਾਨ ਕਰਨ ਵਾਲੇ ਚਰਿਤ੍ਰਾਂ ਕਰਣਹਾਰੇ ਬਿਸਮ ਬਿਮਾਦ ਸਰੂਪ ਹਨ ਇਹ ਸਭ ਕੁਛ ਹੁੰਦਿਆਂ ਹੋਇਆਂ ਭੀ ਸਤਿਗੁਰਾਂ ਦੀ ਬਡਾਈ ਮਹੱਤ ਇਹ ਹੈ ਕਿ ਅਬਿਗਤ ਅਪਗਤਿਆਂ ਘੋਰ ਅਪ੍ਰਾਧੀਆਂ ਦੀ ਭੀ ਗਤਿ ਕਲ੍ਯਾਨ ਕਰਣਹਾਰੇ ਹਨ ॥੭੧॥


Flag Counter