ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 562


ਜੈਸੇ ਖਾਂਡ ਚੂਨ ਘ੍ਰਿਤ ਹੋਤ ਘਰ ਬਿਖੈ ਪੈ ਪਾਹੁਨਾ ਕੈ ਆਏ ਪੂਰੀ ਕੈ ਖੁਵਾਇ ਖਾਈਐ ।

ਜਿਵੇਂ ਖੰਡ, ਆਟਾ, ਘਿਉ ਘਰ ਵਿਚ ਹੁੰਦੇ ਹਨ, ਪਰ ਪ੍ਰਾਹੁਣੇ ਦੇ ਆਇਆਂ ਉਨ੍ਹਾਂ ਤੋਂ ਪੂਰੀ ਆਦਿ ਬਣਾ ਕੇ ਖੁਆਈ ਤੇ ਖਾਈਦੀ ਹੈ।

ਜੈਸੇ ਚੀਰ ਹਾਰ ਮੁਕਤਾ ਕਨਕ ਆਭਰਨ ਪੈ ਬ੍ਯਾਹੁ ਕਾਜ ਸਾਜਿ ਤਨ ਸੁਜਨ ਦਿਖਾਈਐ ।

ਜਿਵੇਂ ਸੁੰਦਰ ਬਸਤਰ, ਮੋਤੀਆਂ ਦੇ ਹਾਰ ਤੇ ਸੋਨੇ ਦੇ ਗਹਿਣੇ ਪਾਸ ਤਾਂ ਹੁੰਦੇ ਹਨ, ਪਰ ਵਿਆਹ ਕਾਜ ਆਦਿ ਸਮੇਂ ਉਹ ਤਨ ਨਾਲ ਸਜਾ ਕੇ ਸੱਜਣਾਂ ਮਿਤ੍ਰਾਂ ਨੂੰ ਦਿਖਾਈਦੇ ਹਨ।

ਜੈਸੇ ਹੀਰਾ ਮਾਨਿਕ ਅਮੋਲ ਹੋਤ ਹਾਟ ਹੀ ਮੈਂ ਗਾਹ ਕੈ ਦਿਖਾਇ ਬਿੜਤਾ ਬਿਸੇਖ ਪਾਈਐ ।

ਜਿਵੇਂ ਹੀਰੇ ਤੇ ਅਮੋਲਕ ਲਾਲ ਰਤਨ ਹੱਟ ਵਿਚ ਹੁੰਦੇ ਹੀ ਹਨ, ਪਰ ਗਾਹਕਾਂ ਨੂੰ ਦਿਖਾਕੇ ਵੇਚਣ ਨਾਲ ਬਹੁਤਾ ਲਾਭ ਪਾਈਦਾ ਹੈ।

ਤੈਸੇ ਗੁਰਬਾਨੀ ਲਿਖ ਪੋਥੀ ਬਾਂਧਿ ਰਾਖੀਅਤ ਮਿਲ ਗੁਰਸਿਖ ਪੜਿ ਸੁਨਿ ਲਿਵ ਲਾਈਐ ।੫੬੨।

ਤਿਵੇਂ ਗੁਰਬਾਣੀ ਦੀਆਂ ਪੋਥੀਆਂ ਲਿਖਕੇ ਜਿਲਦ ਬੰਨ੍ਹ ਕੇ ਰਖੀਦੀਆਂ ਹਨ, ਪਰ ਗੁਰਸਿੱਖਾਂ ਦੇ ਮਿਅਣ ਤੇ ਉਨ੍ਹਾਂ ਨੂੰ ਪੜ੍ਹੀ ਸੁਣੀਦਾ ਹੈ ਤਾਂ ਪ੍ਰਮਾਤਮਾ ਨਾਲ ਲਿਵ ਲਾਈਦੀ ਹੈ ॥੫੬੨॥