ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 408


ਚਿੰਤਾਮਨਿ ਚਿਤਵਤ ਚਿੰਤਾ ਚਿਤ ਤੇ ਚੁਰਾਈ ਅਜੋਨੀ ਅਰਾਧੇ ਜੋਨਿ ਸੰਕਟਿ ਕਟਾਏ ਹੈ ।

ਚਿੱਤ ਦੀਆਂ ਮੁਰਾਦਾਂ ਪੂਰੀਆਂ ਕਰਣਹਾਰੇ ਵਾਹਗੁਰੂ ਦੇ ਚਿਤਵਤ ਅਰਾਧਨ ਮਾਤ੍ਰ ਤੇ ਹੀ ਚਿੱਤ ਤੋਂ ਚਿੰਤਨਾਂ ਚੁਰਾਈਆਂ ਗਈਆਂ ਭਾਵ ਦੂਰ ਹੋ ਗਈਆਂ ਹਨ ਤੇ ਅਜੋਨੀ ਅਜਨਮੇ ਜਨਮ ਰਹਿਤ ਭਗਵੰਤ ਨੂੰ ਅਰਾਧ ਕੇ ਮਾਤ ਜੋਨੀ ਵਿਖੇ ਔਣ ਦੇ ਸੰਕਟਾਂ ਨੂੰ ਕਟਾ ਘੱਤਿਆ ਨਿਵਿਰਤ ਕਰ ਮਾਰਿਆ ਹੈ।

ਜਪਤ ਅਕਾਲ ਕਾਲ ਕੰਟਕ ਕਲੇਸ ਨਾਸੇ ਨਿਰਭੈ ਭਜਨ ਭ੍ਰਮ ਭੈ ਦਲ ਭਜਾਏ ਹੈ ।

ਐਸਾ ਹੀ ਅਕਾਲ ਸਰੂਪ ਅਬਿਨਾਸੀ ਪੁਰਖ ਨੂੰ ਜਪਦਿਆਂ ਹੋਇਆਂ ਕਾਲ ਦੇ ਕੰਟਕ ਖਟਕੇ ਦਿਲ ਅੰਦਰ ਚੁਭਦੇ ਰਹਿਣਹਾਰੇ ਕੰਡੇ ਤੋਂ ਹੋਣ ਵਾਲੇ ਕਲੇਸ਼ ਨਸ਼ਟ ਹੋ ਗਏ ਹਨ। ਅਤੇ ਨਿਰਭੈ ਭੌ ਤੋਂ ਰਹਿਤ ਭਗਵੰਤ ਦਾ ਭਜਨ ਕਰਨ ਨਾਲ ਭ੍ਰਮ ਅਗ੍ਯਾਨ ਤੋਂ ਉਤਪੰਨ ਹੋਣ ਵਾਲੇ ਭੈ ਦਾ ਦਲ ਲਸ਼ਕਰ ਸਮੂਹ ਭਜਾ ਦਿੱਤਾ ਹੈ।

ਸਿਮਰਤ ਨਾਥ ਨਿਰਵੈਰ ਬੈਰ ਭਾਉ ਤਿਆਗਿਓ ਭਾਗਿਓ ਭੇਦੁ ਖੇਦੁ ਨਿਰਭੇਦ ਗੁਨ ਗਾਏ ਹੈ ।

ਨਿਰਵੈਰ ਨਾਥ ਸੰਪੂਰਣ ਜਗਤ ਭਰ ਦੇ ਸੁਆਮੀ ਜਗਤ ਨਾਥ ਨੂੰ ਸਿਮਰਣ ਕਰਦਿਆਂ ਵੈਰ ਭਾਵ ਛੁੱਟ ਗਿਆ ਤੇ ਨਿਰਭੇਦ ਇਕ ਰਸ ਸਰਬ ਬ੍ਯਾਪੀ ਪਾਰਬ੍ਰਹਮ ਦੇ ਗੁਣ ਗੌਣ ਸਾਰ ਭੇਦ ਅਗ੍ਯਾਨ ਤੋਂ ਉਤਪੰਨ ਹੋਏ ਜੜ੍ਹ ਚੇਤਨ ਆਦਿ ਸਭ ਪ੍ਰਕਾਰ ਦੇ ਵਖੇਵੇਂ ਤਥਾ ਭੇਦ ਤੋਂ ਪ੍ਰਗਟਣ ਵਾਲੇ ਖੇਦ ਭੀ ਸਮੂਹ ਭੱਜ ਗਏ।

ਅਕੁਲ ਅੰਚਲ ਗਹੇ ਕੁਲ ਨ ਬਿਚਾਰੈ ਕੋਊ ਅਟਲ ਸਰਨਿ ਆਵਾਗਵਨ ਮਿਟਾਏ ਹੈ ।੪੦੮।

ਕੁਲ ਗੋਤ ਤੋਂ ਰਹਿਤ ਨਿਰਾਕਾਰ ਸਰੂਪ ਪਰਮਾਤਮਾ ਦਾ ਅੰਚਲ ਪੱਲਾ ਆਸਰਾ ਫੜਿਆਂ ਕੁਲ ਦੀ ਕੋਈ ਵੀਚਾਰ ਪ੍ਰਵਾਹ ਹੀ ਨਹੀਂ ਕਰਦਾ ਤੇ ਅਟਲ ਅਬਿਨਾਸੀ ਪਰਮੇਸ੍ਵਰ ਦੀ ਸਰਣ ਆਯਾਂ ਆਵਾ ਗਵਨ ਜਨਮ ਮਰਣ ਮਿਟ ਜਾਂਦੇ ਹਨ ॥੪੦੮॥


Flag Counter