ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 179


ਜੈਸੇ ਪ੍ਰਿਅ ਭੇਟਤ ਅਧਾਨ ਨਿਰਮਾਨ ਹੋਤ ਬਾਂਛਤ ਬਿਧਾਨ ਖਾਨ ਪਾਨ ਅਗ੍ਰਭਾਗਿ ਹੈ ।

ਜਿਸ ਪ੍ਰਕਾਰ ਇਸਤ੍ਰੀ ਨਿਰਮਾਨ ਹੋ ਕੇ ਅਪਨੇ ਆਪ ਨੂੰ ਪ੍ਯਾਰੇ ਪਤੀ ਦੇ ਅਰਪਣ ਕਰਦੀ ਹੈ ਤਾਂ ਓਸ ਦੇ ਗਰਭ ਰਹਿ ਆਯਾ ਕਰਦਾ ਉਹ ਉਮੇਦ ਦੇ ਘਰ ਆਨ ਪੁਗ੍ਯਾ ਕਰਦੀ ਹੈ, ਤੇ ਏਸੇ ਕਰ ਕੇ ਹੀ ਬਿਧਾਨ ਸ਼ਾਸਤ੍ਰ ਉਕਤ ਬਿਧੀ ਅਨੁਸਾਰ ਜੋ ਸਭ ਪ੍ਰਕਾਰ ਕਰ ਕੇ ਉਚਿਤ ਮੰਨੇ ਗਏ ਹਨ ਓਸ ਨੂੰ ਬਾਂਛਤ ਮੂੰਹ ਮੰਗੇ ਓਸ ਦੀ ਚਾਹਨਾ ਅਨੁਸਾਰ ਖਾਨ ਪਾਨ ਆਦਿ ਦੇ ਸਮੂਹ ਪਦਾਰਥ ਅਗ੍ਰਭਾਗਿ ਸਨਮੁਖ ਪ੍ਰਾਪਤ ਕੀਤੇ ਜਾਯਾ ਕਰਦੇ ਹਨ।

ਜਨਮਤ ਸੁਤ ਖਾਨ ਪਾਨ ਕੋ ਸੰਜਮੁ ਕਰੈ ਸੁਤ ਹਿਤ ਰਸ ਕਸ ਸਕਲ ਤਿਆਗਿ ਹੈ ।

ਓਹੀ ਅਧਾਨ ਪ੍ਰਾਪਤ ਇਸਤ੍ਰੀ ਜਿਸ ਨੂੰ ਪਹਿਲੇ ਸਭ ਭਾਂਤ ਦੇ ਮਨ ਚਿੰਦੇ ਪਦਾਰਥ ਪ੍ਰਾਪਤ ਹੁੰਦੇ ਸਨ ਜਦ ਉਦਸੇ ਘਰ ਪੁਤ੍ਰ ਉਪਜ ਔਂਦਾ ਹੈ ਤਾਂ ਆਪ ਤੇ ਆਪ ਹੀ ਬ੍ਯਰਥ ਖਾਨ ਪਾਨ ਆਦਿ ਵੱਲੋਂ ਸੰਜਮ ਸੰਕੋਚ ਪ੍ਰਹੇਜ਼ ਧਾਰ ਲਿਆ ਕਰਦੀ ਅਤੇ ਪੁਤ੍ਰ ਦੇ ਹਿਤ ਭਲੇ ਅਰੁ ਸੁਖ ਖਾਤਰ ਸਭ ਕਸਨ ਵਾਲੇ ਜਕੜਨ ਵਾਲੇ ਵਾ ਚਿੱਤ ਨੂੰ ਖਿਚਨ ਵਾਲੇ ਰਸਾਂ ਸਵਾਦਾਂ ਨੂੰ ਤ੍ਯਾਗ ਦਿੰਦੀ ਹੈ।

ਤੈਸੇ ਗੁਰ ਚਰਨ ਸਰਨਿ ਕਾਮਨਾ ਪੁਜਾਇ ਨਾਮ ਨਿਹਕਾਮ ਧਾਮ ਅਨਤ ਨ ਲਾਗਿ ਹੈ ।

ਤਿਸੀ ਪ੍ਰਕਾਰ ਹੀ ਚਰਣ ਸਰਣ ਆਏ ਸਿੱਖ ਦੀਆਂ ਪਹਿਲੇ ਤਾਂ ਸਤਿਗੁਰੂ ਸਮੂਹ ਕਾਮਨਾ ਮੁਰਾਦਾਂ ਪੂਰੀਆਂ ਕਰ ਦਿੰਦੇ ਹਨ ਤੇ ਉਪ੍ਰੰਤ ਓਸ ਨੂੰ ਨਿਸ਼ਕਾਮ ਪਦ ਦਾ ਐਸਾ ਬਾਸੀ ਬਣਾਂਦੇ ਹਨ ਕਿ ਮੁੜ ਕਦੀ ਉਹ ਹੋਰ ਦੇ ਮੋਹ ਮਮਤਾ ਦੇ ਅਸਥਾਨ ਹੋਰਨਾਂ ਪਦਾਰਥਾਂ ਆਦਿ ਵਿਖੇ ਨਹੀਂ ਲਗ੍ਯਾ ਪਰਚਿਆ ਯਾ ਲਲਚਿਆ ਕਰਦਾ ਹੈ।

ਨਿਸਿ ਅੰਧਕਾਰ ਭਵ ਸਾਗਰ ਸੰਸਾਰ ਬਿਖੈ ਪੰਚ ਤਸਕਰ ਜੀਤਿ ਸਿਖ ਹੀ ਸੁਜਾਗਿ ਹੈ ।੧੭੯।

ਤਾਤਪ੍ਰਯ ਕੀਹ ਕਿ ਸੰਸਾਰ ਸਮੁੰਦਰ ਅੰਦਰ ਭਵ ਜਨਮ ਮਰਣ ਦੇ ਰੋੜ੍ਹ ਵਿਚ ਕਾਲੀ ਬੋਲੀ ਹਨ੍ਹੇਰੀ ਰਾਤ ਅਵਿਦ੍ਯਾਮਈ ਵਿਖੇ ਰੁੜ੍ਹ ਰਿਹਾਂ ਜੀਵਾਂ ਵਿਚੋਂ ਕਾਮ ਕ੍ਰੋਧ ਆਦਿ ਪੰਜਾਂ ਚੋਰਾਂ ਨੂੰ ਜੇ ਜਿੱਤ ਲਵੇ ਉਹੀ ਸਿੱਖ ਹੀ ਕੇਵਲ ਜਾਗਿ ਸਾਵਧਾਨ ਰਹਿ ਬਚ ਸਕਦਾ ਹੈ ॥੧੭੯॥


Flag Counter