ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 369


ਜੈਸੇ ਅਹਿ ਅਗਨਿ ਕਉ ਬਾਲਕ ਬਿਲੋਕ ਧਾਵੈ ਗਹਿ ਗਹਿ ਰਾਖੈ ਮਾਤਾ ਸੁਤ ਬਿਲਲਾਤ ਹੈ ।

ਜਿਸ ਤਰ੍ਹਾਂ ਬਾਲਕ ਸੱਪ ਤੇ ਅੱਗ ਨੂੰ ਚਮਕੀਲੀਆਂ ਵਸਤੂਆਂ ਜਾਣ ਕੇ ਬਿਲੋਕਿ ਤੱਕਨ ਸਾਰ ਓਨ੍ਹਾਂ ਨੂੰ ਫੜਨ ਵਾਸਤੇ ਦੌੜਦਾ ਹੈ, ਤੇ ਮਾਤਾ ਪੁਤ੍ਰ ਨੂੰ ਫੜ ਫੜ ਕੇ ਰਾਖੈ ਰੋਕਦੀ ਹੈ, ਅਰੁ ਉਹ ਹੋੜਨ ਕਰ ਕੇ ਹੋਯਾ ਕਰਦਾ ਹੈ।

ਬ੍ਰਿਖਾਵੰਤ ਜੰਤ ਜੈਸੇ ਚਾਹਤ ਅਖਾਦਿ ਖਾਦਿ ਜਤਨ ਕੈ ਬੈਦ ਜੁਗਵਤ ਨ ਸੁਹਾਤ ਹੈ ।

ਰੋਗੀ ਆਦਮੀ ਜਿਸ ਤਰ੍ਹਾਂ ਅਖਾਦਿ ਨਾ ਖਾਣ ਜੋਗ ਵਿਕਾਰੀ ਵਸਤੂ ਨੂੰ ਖਾਦਿ ਖਾਣ ਜੋਗ ਅਨੁਕੂਲ ਜਾਣ ਕੇ ਚਾਹਤ ਚੌਂਹਦਾ ਮੰਗਦਾ ਯਾ ਓਸ ਖਾਤਰ ਲਲਚੌਂਦਾ ਹੈ, ਪ੍ਰੰਤੂ ਵੈਦ੍ਯ ਹਕੀਮ ਜਤਨ ਕਰ ਕਰ ਕੇ ਜੁਗਵਤ ਓਸ ਪ੍ਰਤਿਕੂਲ ਵਸਤੂ ਵੱਲੋਂ ਹੋੜਿਆ ਰੋਕਿਆ ਸੰਭਾਲ ਸੰਭਾਲ ਕੇ ਰਖਿਆ ਕਰਦਾ ਹੈ, ਪਰ ਰੋਗੀ ਨੂੰ ਇਹ ਗੱਲ ਭਾਯਾ ਨਹੀਂ ਕਰਦੀ।

ਜੈਸੇ ਪੰਥ ਅਪੰਥ ਬਿਬੇਕਹਿ ਨ ਬੂਝੈ ਅੰਧ ਕਟਿ ਗਹੇ ਅਟਪਟੀ ਚਾਲ ਚਲਿਓ ਜਾਤ ਹੈ ।

ਜਿਸ ਪ੍ਰਕਾਰ ਅੰਧ ਅੰਨ੍ਹਾ = ਮੁਨਾਖਾ ਨੇਤ੍ਰ ਹੀਣਾ ਆਦਮੀ ਪੰਥ ਅਪੰਥ ਵਾਟ ਕੁਵਾਟ ਦੇ ਬਿਬਕ ਨੂੰ ਨਹੀਂ ਸਮਝਿਆ ਪਛਾਨ੍ਯਾ ਕਰਦਾ ਹੈ ਤੇ ਏਸੇ ਕਰ ਕੇ ਹੀ ਹੱਥੋਂ ਫੜਿਆ ਹੋਯਾ ਭੀ ਅਟਪਟੀ ਚਾਲ ਅਸ੍ਤ ਬ੍ਯਸ੍ਤ ਤੋਰ ਹੀ ਤੁਰੀ ਜਾਯਾ ਕਰਦਾ ਹੈ।

ਤੈਸੇ ਕਾਮਨਾ ਕਰਤ ਕਨਿਕ ਅਉ ਕਾਮਨੀ ਕੀ ਰਾਖੈ ਨਿਰਲੇਪ ਗੁਰਸਿਖ ਅਕੁਲਾਤ ਹੈ ।੩੬੯।

ਤਿਸੀ ਪ੍ਰਕਾਰ ਹੀ ਗੁਰਸਿੱਖ, ਕਨਿਕ ਸ੍ਵਰਣ ਆਦਿ ਤਥਾ ਕਾਮਨੀ ਇਸਤ੍ਰੀ ਪੁਤ੍ਰ ਆਦਿ ਪਦਾਰਥਾਂ ਦੀ ਚਾਹਨਾ ਕਰਦਾ ਰਹਿੰਦਾ ਹੈ ਅਤੇ ਸਤਿਗੁਰੂ ਓਸ ਨੂੰ ਅਲੇਪ ਅਸੰਗ ਰਖ੍ਯਾ ਕਰਦੇ ਵੈਰਾਗੁ ਉਪਦੇਸ਼ ਦ੍ਵਾਰਾ ਹੋੜਦੇ ਰਹਿੰਦੇ ਹਨ ਕਿੰਤੂ ਸਿੱਖ ਬ੍ਯਾਕੁਲ ਹੋ ਹੋ ਪਿਆ ਕਰਦਾ ਹੈ ॥੩੬੯॥


Flag Counter