ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 230


ਖਗਪਤਿ ਪ੍ਰਬਲ ਪਰਾਕ੍ਰਮੀ ਪਰਮਹੰਸ ਚਾਤੁਰ ਚਤੁਰ ਮੁਖ ਚੰਚਲ ਚਪਲ ਹੈ ।

ਆਕਾਸ਼ਾਂ ਵਿਚ ਉਡਨ ਲਈ ਗਰੁੜ ਪੰਛੀ ਰਾਜ ਨਾਲੋਂ ਭੀ ਸ਼ਇਹ ਬਹੁਤ ਬਲ ਵਾਲਾ ਹੈ, ਤੇ ਪ੍ਰਾਕ੍ਰਮੀ ਪ੍ਰਭਾਵ ਵਾਨ ਰਾਜ ਹੰਸ ਤੋਂ ਭੀ ਵਧਕੇ ਹੈ ਭਾਵ, ਸਾਗਰਾਂ ਨੂੰ ਤਰ ਜਾਣ ਵਾ ਓਨਾਂ ਦੀ ਤਹਿ ਉਪਰ ਪੁਜਣ ਲਈ ਸਭ ਤਰ੍ਹਾਂ ਸਮਰੱਥ। ਅਰੁ ਚਤੁਰਾ ਗਿਆਨੀ ਤਾਂ ਬ੍ਰਹਮਾ ਨਾਲੋਂ ਭੀ ਵਧਕੇ ਹੈ, ਤਥਾ ਚੰਚਲ ਚਪਲ ਵਾਕ ਚਾਲ ਭਾਰਾ ਬਤੰਗੜ, ਅਥਵਾ ਚੰਚਲ ਚੰਚਲਾ ਪਛਮੀ ਸਮਾਨ ਅਰੁ ਚਪਲ ਚਾਲੂ ਚਪਲਾ ਬਿਜਲੀ ਵਰਗਾ ਐਸਾ ਇਹ ਬਲਵਾਨ ਮਨ ਹੈ।

ਭੁਜਬਲੀ ਅਸਟ ਭੁਜਾ ਤਾ ਕੇ ਚਾਲੀਸ ਕਰ ਏਕ ਸਉ ਅਰ ਸਾਠਿ ਪਾਉ ਚਾਲ ਚਲਾਚਲ ਹੈ ।

ਅਠ ਭੁਜੀ ਪਸੇਰੀਆਂ ਵਾਲਾ, ਚਾਲੀ ਸੇਰ ਹਨ ਹੱਥ ਜਿਸ ਦੇ ਅਤੇ ਇਕ ਸੌ ਸੱਠ ਪਾਉ ਪੈਰਾਂ ਵਾਲਾ ਜੋ ਹੈ ਸੋ ਉਹ ਮਨ ਸਭ ਨੂੰ ਅਪਣੀ ਚਲਾਚਲੀ ਚਾਲ ਨਾਲ ਹਾੜ ਸਿੱਟਦਾ ਹੈ। ਭਾਵ ਸਭ ਕੁਛ ਹੀ ਅਪਣੇ ਫੁਰਣੇ ਅੰਦਰ ਫੋਰਣ ਲਈ ਇਹ ਸਭ ਭਾਂਤ ਗ੍ਰਹਿਣ ਤਿਆਗ ਕਰਨ ਨੂੰ ਸਮਰੱਥ ਹੈ।

ਜਾਗ੍ਰਤ ਸੁਪਨ ਅਹਿਨਿਸਿ ਦਹਿਦਿਸ ਧਾਵੈ ਤ੍ਰਿਭਵਨ ਪ੍ਰਤਿ ਹੋਇ ਆਵੈ ਏਕ ਪਲ ਹੈ ।

ਜਾਗਦਿਆਂ ਹੋਇਆਂ ਸੰਕਲਪਾਂ ਰਾਹੀਂ ਵਾ ਸੁਪਨ ਅਵਸਥਾ ਵਿਖੇ ਸੁਪਨਿਆਂ ਰਸਤੇ ਰਾਤ ਦਿਨ ਦਸੋਂ ਦਿਸ਼ਾਂ ਅੰਦਰ ਧੌਂਦਾ ਦੌੜਦਾ ਭਟਕਦਾ ਰਹਿੰਦਾ ਹੈ ਗੱਲ ਕੀਹ ਕਿ ਇਕ ਪਲ ਪਲਕਾਰ ਵਾ ਘੜੀ ਅੰਦਰ ਤ੍ਰਿਲੋਕੀ ਤਾਂਈ ਹੀ ਫਿਰ ਕੇ ਮੁੜ ਔਂਦਾ ਹੈ।

ਪਿੰਜਰੀ ਮੈ ਅਛਤ ਉਡਤ ਪਹੁਚੈ ਨ ਕੋਊ ਪੁਰ ਪੁਰ ਪੂਰ ਗਿਰ ਤਰ ਥਲ ਜਲ ਹੈ ।੨੩੦।

ਅਚਰਜ ਇਹ ਹੈ ਕਿ ਸਰੀਰ ਰੂਪ ਪਿੰਜਰੇ ਅੰਦਰ ਅਛਤ ਮੌਜੂਦ ਬੰਦ ਰਹਿੰਦਿਆਂ ਹੋਇਆਂ ਭੀ ਐਡਾ ਉਡ ਜਾਂਦਾ ਹੈ ਕਿ ਕੋਈ ਇਸ ਤਕ ਪੁਗ ਨਹੀਂ ਸਕਦਾ ਅਰੁ ਫੇਰ ਉਡਦਾ ਐਡੇ ਵੇਗ ਨਾਲ ਹੈ ਕਿ ਨਗਰ ਨਗਰ, ਤਥਾ ਪਰਬਤਾਂ, ਬਿਰਛਾਂ ਅਰੁ ਜਲਾਂ ਥਲਾਂ ਵਿਖੇ ਪੂਰ ਫੈਲਰ ਜਾਂਦਾ ਹੈ ॥੨੩੦॥