ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 544


ਬਾਹਰ ਕੀ ਅਗਨਿ ਬੂਝਤ ਜਲ ਸਰਤਾ ਕੈ ਨਾਉ ਮੈ ਜਉ ਅਗਨਿ ਲਾਗੈ ਕੈਸੇ ਕੈ ਬੁਝਾਈਐ ।

ਬਾਹਰ ਦੀ ਅੱਗ ਤਾਂ ਨਦੀ ਆਦਿ ਦੇ ਜਲ ਨਾਲ ਬੁਝ ਜਾਇਆ ਕਰਦੀ ਹੈ, ਪਰ ਜੇਕਰ ਬੇੜੀ ਵਿਚ ਨਦੀ ਦੇ ਅੰਦਰੋਂ ਹੀ ਅੱਗ ਲਗ ਪਵੇ ਤਾਂ ਉਹ ਕਿਸ ਤਰ੍ਹਾਂ ਨਾਲ ਬੁਝਾਈ ਜਾਵੇ?

ਬਾਹਰ ਸੈ ਭਾਗਿ ਓਟ ਲੀਜੀਅਤ ਕੋਟ ਗੜ ਗੜ ਮੈ ਜਉ ਲੂਟਿ ਲੀਜੈ ਕਹੋ ਕਤ ਜਾਈਐ ।

ਬਾਹਰ ਵੱਲੋਂ ਭੱਜ ਕੇ ਕੋਟ ਕਿਲ੍ਹੇ ਦੀ ਓਟ ਪਨਾਹ ਲਈਦੀ ਹੈ, ਪਰ ਜੇਕਰ ਕਿਲ੍ਹੇ ਅੰਦਰ ਹੀ ਲੁੱਟ ਲਏ ਜਾਈਏ ਤਾਂ ਦੱਸੋ ਕਿਧਰ ਜਾਈਏ?

ਚੋਰਨ ਕੈ ਤ੍ਰਾਸ ਜਾਇ ਸਰਨਿ ਗਹੈ ਨਰਿੰਦ ਮਾਰੈ ਮਹੀਪਤਿ ਜੀਉ ਕੈਸੇ ਕੈ ਬਚਾਈਐ ।

ਚੋਰਾਂ ਦੇ ਡਰ ਤੋਂ ਨਰਿੰਦ ਰਾਜੇ ਦੀ ਸਰਨਿ ਆਂਭ ਸਾਂਭ ਜਾ ਕੇ ਗਹੈ ਲਈਦੀ ਹੈ, ਪਰ ਜੇਕਰ ਮਹੀਪਤਿ ਰਾਜਾ ਹੀ ਮਾਰਣ ਉਠ ਪਵੇ ਤਾਂ ਕਿਸ ਤਰ੍ਹਾਂ ਨਾਲ ਜਾਨ ਬਚਾਈਏ।

ਮਾਇਆ ਡਰ ਡਰਪਤ ਹਾਰ ਗੁਰਦੁਅਰੈ ਜਾਵੈ ਤਹਾ ਜਉ ਮਾਇਆ ਬਿਆਪੈ ਕਹਾ ਠਹਰਾਈਐ ।੫੪੪।

ਮਾਇਆ ਦੇ ਡਰ ਤੋਂ ਡਰਦਿਆਂ ਹਾਰ ਕੇ ਗੁਰਦਵਾਰੇ ਜਾਈਦਾ ਹੈ ਪਰ ਓਥੇ ਭੀ ਜੇਕਰ ਮਾਇਆ ਪਸਰ ਪਵੇ ਤਾਂ ਕਿਹੜੀ ਠੌਰ ਜਾ ਕੇ ਠਹਿਰੀਏ = ਚੈਨ ਲਈਏ ॥੫੪੪॥