ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 19


ਗੁਰਮੁਖਿ ਸੁਖਫਲ ਅਤਿ ਅਸਚਰਜ ਮੈ ਹੇਰਤ ਹਿਰਾਨੇ ਆਨ ਧਿਆਨ ਬਿਸਰਾਨੇ ਹੈ ।

ਗੁਰਮੁਖ ਗੁਰਸਿੱਖ ਨੂੰ ਉਕਤ ਰੀਤੀ ਅਨੁਸਾਰ ਅਭਿਆਸ ਕਰਦਿਆਂ ਜੋ ਸੁਖ ਸਰੂਪੀ ਫਲ ਪ੍ਰਾਪਤ ਹੁੰਦਾ ਹੈ ਉਹ, ਅਤ੍ਯੰਤ ਅਚਰਜ ਰੂਪ ਹੈ, ਵਰਨਣ ਨਹੀਂ ਕੀਤਾ ਜਾ ਸਕਦਾ, ਬੱਸ ਉਸ ਦੇ ਹੇਰਤ ਤੱਕਦੇ ਸਾਰ ਅਨੁਭਵ ਹੁੰਦਿਆਂ ਸਾਰ ਹੀ ਹਿਰਾਨੇ ਹਉਮੈ ਦਾ ਮੂਲ ਆਪਾ ਭਾਵ ਥਕਿਤ ਹੋ ਜਾਂਦਾ ਹੈ ਵਾ ਬਾਹਰਲੀ ਸੁਧ ਭੁੱਲ ਜਾਂਦੀ ਹੈ ਯਾ ਹਿਰ ਨਿਵਿਰਤ = ਆਨੇ ਦ੍ਵੈਤ ਹਿਰਾਨੇ ਅਰਥਾਤ ਦ੍ਵੈਤ ਭਾਵਨਾ ਨਿਵਿਰਤ ਹੋ ਜਾਂਦੀ ਹੈ, ਤੇ ਆਨ ਧਿਆਨ = ਦੂਸਰੀ ਕਿਸੇ ਵਸਤੂ ਦੀ ਤਾਂਘ ਅਥਵਾ ਦੂਸਰੇ ਦੇਵੀ ਦੇਵਤਾ ਆਦਿ ਇਸ਼ਟ ਦਾ ਧਿਆਨ ਖਿਆਲ ਚੁਕ ਜਾਂਦਾ ਹੈ।

ਗੁਰਮੁਖਿ ਸੁਖਫਲ ਗੰਧ ਰਸ ਬਿਸਮ ਹੁਇ ਅਨ ਰਸ ਬਾਸਨਾ ਬਿਲਾਸ ਨ ਹਿਤਾਨੇ ਹੈ ।

ਗੁਰਮੁਖ ਨੂੰ ਜੋ ਸੁਖਫਲ ਪ੍ਰਾਪਤ ਹੁੰਦਾ ਹੈ ਓਸ ਦੀ ਗੰਧ ਮਹਿਕ ਪ੍ਰਫੁਲਤਤਾ ਦਾ ਰਸ ਸ੍ਵਾਦ ਅਜੇਹਾ ਬਿਸਮ ਅਚੰਭਿਤ ਕਰਨ ਵਾਲਾ ਹੁੰਦਾ ਹੈ ਕਿ ਦੂਸਰੇ ਰਸਾਂ ਦੇ ਬਿਲਾਸ ਵਿਸਤਾਰ ਪਸਾਰੇ ਪ੍ਰਵਿਰਤੀ ਦੀ ਬਾਸਨਾ ਕਲਪਨਾ ਫੁਰਣੀ ਹੀ ਪਸੰਦ ਨਹੀਂ ਆਉਂਦੀ ਭੌਂਦੀ ਨਹੀਂ।

ਗੁਰਮੁਖਿ ਸੁਖਫਲ ਅਦਭੁਤ ਅਸਥਾਨ ਮ੍ਰਿਤ ਮੰਡਲ ਅਸਥਲ ਨ ਲੁਭਾਨੇ ਹੈ ।

ਗੁਰਮੁਖ ਨੂੰ ਜੋ ਸੁਖਫਲ ਪ੍ਰਾਪਤ ਹੁੰਦਾ ਹੈ ਓਸ ਦਾ ਅਸਥਾਨ ਟਿਕਾਣਾ ਟਿਕਾ ਐਸਾ ਅਦਭੁਤ ਅਲੌਕਿਕ = ਅਨੋਖਾ ਹੈ ਕਿ ਉਸ ਵਿਖੇ ਇਸਥਿਤ ਹੋਏ ਨੂੰ ਤਾਂ ਕੀਹ ਦੇਖਨ ਮਾਤ੍ਰ ਦੇਖਨ ਵਾਲੇ ਨੂੰ ਭੀ ਮਾਤ ਲੋਕ ਧਰਤੀ ਮੰਡਲ ਦਾ ਟਿਕਾਣਾ ਹੁਣ ਲੁਭਾਯਮਾਨ ਨਹੀਂ ਕਰ ਸਕਦਾ। ਭਾਵ ਪਰਮ ਪਦ ਵਿਖੇ ਸੁਰਤ ਦਾ ਖਿਚਾਉ ਹੋ ਜਾਣ ਕਰ ਕੇ ਗੁਰਸਿੱਖ ਨੂੰ ਹੁਣ ਮਨੁੱਖੀ ਭੋਗ ਪਦਾਰਥ ਰਸ ਕਸ ਆਦਿ ਨਹੀਂ ਖਿੱਚ ਸਕਿਆ ਕਰਦੇ।

ਗੁਰਮੁਖਿ ਸੁਖਫਲ ਸੰਗਤਿ ਮਿਲਾਪ ਦੇਖ ਆਨ ਗਿਆਨ ਧਿਆਨ ਸਭ ਨਿਰਸ ਕਰਿ ਜਾਨੇ ਹੈ ।੧੯।

ਗੁਰਮੁਖ ਨੂੰ ਸੁਖਫਲ ਪ੍ਰਾਪਤ ਹੋਣ ਦੇ ਉਪ੍ਰੰਤ ਜਿਸ ਕਿਸੇ ਨੇ ਉਸ ਦੀ ਸੰਗਤ ਕੀਤੀ ਯਾ ਮਿਲਾਪ ਦੇ ਪ੍ਰਭਾਵ ਨੂੰ ਦੇਖਿਆ ਤੱਕਿਆ ਅਨੁਭਵ ਕੀਤਾ, ਉਹ ਭੀ ਹੋਰਨਾਂ, ਸਾਰਿਆਂ ਗਿਆਨਾਂ ਧਿਆਨਾਂ ਨੂੰ ਨਿਰਸ ਫਿੱਕਿਆਂ = ਬੇਸ੍ਵਾਦਿਆਂ ਕਰ ਕੇ ਜਾਨਣ ਲਗ ਪੈਂਦਾ ਹੈ ॥੧੯॥