ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 346


ਦਿਨਕਰ ਕਿਰਨਿ ਸੁਹਾਤ ਸੁਖਦਾਈ ਅੰਗ ਰਚਤ ਸਿੰਗਾਰ ਅਭਰਨ ਸਖੀ ਆਇ ਕੈ ।

ਸੂਰਜ ਦੀਆਂ ਕਿਰਣਾਂ ਸੂਰਜ ਚੜ੍ਹੇ ਸਾਰ ਸਖੀ ਆਣ ਕੇ ਤੇਰੇ ਸੁਖਦਾਈ ਅੰਗਾਂ ਨੂੰ ਅਭਰਨ ਗਹਿਣਿਆਂ ਨਾਲ ਸੁਆਰ ਸ਼ਿੰਗਾਰ ਦਿੰਦੀ ਹੈ (ਸੀ)।

ਪ੍ਰਿਥਮ ਉਬਟਨਾ ਕੈ ਸੀਸ ਮੈ ਮਲਉਨੀ ਮੇਲਿ ਮਜਨ ਉਸਨ ਜਲ ਨਿਰਮਲ ਭਾਏ ਕੈ ।

ਪਰ ਇਉਂ, ਪਹਿਲੇ ਵਟਨਾ ਪਿੰਡੇ ਤੇ ਮਲ ਕੇ ਅਤੇ ਸਿਰ ਵਿਚ ਮੈਲ ਨਿਵਾਰਣੀ ਓਸ ਸਮੇਂ ਅਨੁਸਾਰ ਦਹੀਂ ਸਾਬਨ ਵਤ ਕੇਸਾਂ ਵਿਚ ਪੌਣ ਜੋਗ ਵਸਤੂ ਪਾ ਕੇ ਗਰਮ ਜਲ ਨਾਲ ਪ੍ਰੇਮ ਪੂਰਬਕ ਸ਼ੁਧ ਭੌਣੀ ਸਹਿਤ = ਚੰਗੀ ਤਰਾਂ ਸ਼ਨਾਨ ਕਰੌਂਦੀ ਹੈ (ਸੀ)।

ਕੁਸਮ ਅਵੇਸ ਕੇਸ ਬਾਸਤ ਫੁਲੇਲ ਮੇਲ ਅੰਗ ਅਰਗਜਾ ਲੇਪ ਹੋਤ ਉਪਜਾਇ ਕੈ ।

ਫੁੱਲ ਤੇਲ ਵਿਚ ਆਵੇਸ਼ ਕੀਤੇ ਮਿਲਾ ਕੇ ਤ੍ਯਾਰ ਹੋਏ ਹੋਏ ਸੁੰਗਧਿਤ ਫੁਲੇਲ, ਮੇਲਿਆ ਹੋਇਆ ਹੈ ਅਰਗਜਾ ਅਤਰ ਅਬੀਰ ਜਿਸ ਵਿਚ ਪ੍ਯਾਰੀਆਂ ਪ੍ਯਾਰੀਆਂ ਗੱਲਾਂ ਕਰਦਿਆਂ ਕੇਸਾਂ ਅਤੇ ਅੰਗਾਂ ਸ਼ਰੀਰ ਉਪਰ ਲਗੌਂਦੀ ਹੈ (ਸੀ)।

ਚੀਰ ਚਾਰ ਦਰਪਨ ਮਧਿ ਆਪਾ ਆਪੁ ਚੀਨਿ ਬੈਠੀ ਪਰਜੰਕ ਪਰਿ ਧਾਵਰੀ ਨ ਧਾਇ ਕੈ ।੩੪੬।

ਏਸੇ ਤਰਾਂ ਫੇਰ ਚਾਰੁ ਚੀਰ = ਸੁੰਦ੍ਰ ਬਸਤ੍ਰ ਪਹਰਾ ਅਤੇ ਆਰਸੀ ਵਿਚ ਮੂੰਹ ਦਿਖਾ ਜਦ ਤੂੰ ਪ੍ਰਯੰਕ ਪਲੰਘ ਉੱਤੇ ਬਿਠਾਈ ਗਈਓਂ ਬਿਠਾਈ ਜਾਂਦੀ ਸੈਂ ਤਾਂ ਧਾਵਰੀਨ ਦੂਤੀਆਂ ਦਾਸੀਆਂ ਦੌੜ ਕੇ ਆ ਗਈਆਂ ਆ ਜਾਂਦੀਆਂ ਸਨ ॥੩੪੬॥