ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 481


ਜੈਸੇ ਤਉ ਪਤਿਬ੍ਰਿਤਾ ਪਤਿਬ੍ਰਿਤਿ ਮੈ ਸਾਵਧਾਨ ਤਾਹੀ ਤੇ ਗ੍ਰਿਹੇਸੁਰ ਹੁਇ ਨਾਇਕਾ ਕਹਾਵਈ ।

ਫੇਰ ਜਿਸ ਤਰ੍ਹਾਂ ਪਤਿਬ੍ਰਤਾ ਅਪਣੇ ਪਤਿਬ੍ਰਤ ਧਰਮ ਦੇ ਪਾਲਨ ਵਿਚ ਸਾਵਧਾਨ ਹੁੰਦੀ ਹੈ, ਤਿਸੇ ਕਰ ਕੇ ਹੀ ਉਹ ਘਰ ਦੀ ਮਾਲਕ ਬਣ ਕੇ ਨਾਇਕ ਪ੍ਰਧਾਨ ਮੁਖੀਆ ਕਹਾਇਆ ਕਰਦੀ ਹੈ।

ਅਸਨ ਬਸਨ ਧਨ ਧਾਮ ਕਾਮਨਾ ਪੁਜਾਵੈ ਸੋਭਤਿ ਸਿੰਗਾਰ ਚਾਰਿ ਸਿਹਜਾ ਸਮਾਵਈ ।

ਭੋਜਨ ਬਸਤ੍ਰ ਧਨ ਦੌਲਤ ਮੰਦਿਰ ਆਦਿ ਵਜੋਂ ਉਸੇ ਦੀਆਂ ਹੀ ਸਭ ਕਾਮਨਾ ਪੁਜ ਆਇਆ ਕਰਦੀਆਂ ਹਨ, ਉਹੀ ਚਾਰ ਸਿਬੰਗਾਰ ਸੁੰਦਰ ਸ਼ਿੰਗਾਰ ਨਾਲ ਸੁਭਾਇਮਾਨ ਹੁੰਦੀ ਹੈ, ਤੇ ਓਹੋ ਹੀ ਮਾਲਕ ਦੀ ਸੇਜਾ ਉਪਰ ਆਰੂਢ ਹੋ ਕੇ ਓਸ ਵਿਖੇ ਸਮਾਯਾਂ ਅਭੇਦ ਹੋਇਆ ਕਰਦੀ ਹੈ।

ਸਤਿਗੁਰ ਸਿਖਨ ਕਉ ਰਾਖਤ ਗ੍ਰਿਹਸਤ ਮੈ ਸੰਪਦਾ ਸਮੂਹ ਸੁਖ ਲੁਡੇ ਤੇ ਲਡਾਵਈ ।

ਤਿਸੀ ਪ੍ਰਕਾਰ ਸਤਿਗੁਰੂ ਸਿੱਖਾਂ ਨੂੰ ਗ੍ਰਹਸਥ ਆਸ਼ਰਮ ਵਿਖੇ ਹੀ ਰਖਦੇ ਹੋਏ ਸਮੂਹ ਸੰਪਦਾ ਸਭ ਪ੍ਰਕਾਰ ਦੀ ਵਿਭੂਤੀ ਅਰੁ ਸੁਖ ਉਨ੍ਹਾਂ ਉਪੀਰ ਲੁਡੇ ਦੁਲੌਂਦੇ ਅਤੇ ਓਨ੍ਹਾਂ ਨੂੰ ਲਡੌਂਦੇ ਨਾਨਾ ਪ੍ਰਕਾਰ ਦੇ ਚਮਤਕਾਰੀ ਬਿਲਾਸਾਂ ਨਾਲ ਲਾਡ ਲਡਾਇਆ ਕਰਦੇ ਹਨ।

ਅਸਨ ਬਸਨ ਧਨ ਧਾਮ ਕਾਮਨਾ ਪਵਿਤ੍ਰ ਆਨ ਦੇਵ ਸੇਵ ਭਾਉ ਦੁਤੀਆ ਮਿਟਾਵਈ ।੪੮੧।

ਭਾਵ ਕੀਹ ਕਿ ਭੋਜਨ ਬਸਤ੍ਰ ਧਨ ਪਦਾਰਥ ਅਤੇ ਧਾਮ ਘਰਾਂ ਘਾਟਾਂ ਆਦਿ ਸਬੰਧੀ ਜੋ ਭੀ ਪਵਿਤ੍ਰ ਕਾਮਨਾ ਨਿਰ ਵਿਖਯ ਭਾਵ ਮਨੋਰਥ ਹਨ ਉਹ ਸਭ ਹੀ ਓਨਾਂ ਸਿੱਖਾਂ ਦੇ ਸਤਿਗੁਰੂ ਪੁਰੌਂਦੇ ਹਨ ਤੇ ਇਉਂ ਹੋਰ ਦੇਵ ਸੇਵਾ ਵਲੇ ਦ੍ਵੈਤ ਭਾਵ ਨੂੰ ਓਨਾਂ ਦੇ ਚਿੱਤੋਂ ਮਿਟਾਈ ਰਖਦੇ ਹਨ ॥੪੮੧॥