ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 158


ਜੈਸੇ ਰੰਗ ਸੰਗ ਮਿਲਤ ਸਲਿਲ ਮਿਲ ਹੋਇ ਤੈਸੋ ਤੈਸੋ ਰੰਗ ਜਗਤ ਮੈ ਜਾਨੀਐ ।

ਜੇਹੋ ਜੇਹੋ ਜੇਹੇ ਰੰਗ ਨਾਲ ਮਿਲਦਾ ਹੈ ਪਾਣੀ ਮਿਲ ਕੇ ਹੋ ਜਾਂਦਾ ਹੈ ਓਸੇ ਓਸੇ ਰੰਗ ਦਾ ਹੀ ਇਹ ਗੱਲ ਸਾਰੇ ਹੀ ਜਗਤ ਵਿਚ ਜਾਣੀ ਜਾ ਰਹੀ ਹੈ, ਭਾਵ ਪ੍ਰਸਿੱਧ ਹੈ।

ਚੰਦਨ ਸੁਗੰਧ ਮਿਲਿ ਪਵਨ ਸੁਗੰਧ ਸੰਗਿ ਮਲ ਮੂਤ੍ਰ ਸੂਤ੍ਰ ਬ੍ਰਿਗੰਧ ਉਨਮਾਨੀਐ ।

ਚੰਨਣ ਦੀ ਸੁਗੰਧੀ ਨਾਲ ਮਿਲ ਕੇ ਪੌਣ ਸੁਗੰਧੀ ਮਹਿਕ ਵਾਲੀ ਬਣ ਜਾਂਦੀ ਹੈ, ਤੇ ਮਲ ਮੂਤ੍ਰ ਦੇ ਸੂਤ੍ਰ ਸੂਤ ਤਾਰ ਵ੍ਯੋਂਤ ਵਿਚ ਆਈ ਹੋਈ ਭੈੜੀ ਬਾਸਨਾ ਵਾਲੀ ਦੁਰਗੰਧ ਰੂਪ ਵੀਚਾਰੀਦੀ ਹੈ।

ਜੈਸੇ ਜੈਸੇ ਪਾਕ ਸਾਕ ਬਿੰਜਨ ਮਿਲਤ ਘ੍ਰਿਤ ਤੈਸੋ ਤੈਸੋ ਸ੍ਵਾਦ ਰਸੁ ਰਸਨਾ ਕੈ ਮਾਨੀਐ ।

ਜਿਸ ਜਿਸ ਭਾਂਤ ਦੇ ਪਾਕ ਰਸੋਈ ਵਿਖੇ ਪਕਾਏ ਹੋਏ ਸਾਗ ਭਾਜੀ ਆਦਿ ਪਦਾਰਥਾਂ ਨਾਲ ਘਿਉ ਮਿਲਦਾ ਹੈ, ਤਿਸ ਤਿਸ ਭਾਂਤ ਦੇ ਹੀ ਰਸ ਵਾਲਾ ਸ੍ਵਾਦ ਓਸ ਦਾ ਰਸਨਾ ਦ੍ਵਾਰੇ ਮੰਨਣ ਵਿਚ ਆਇਆ ਕਰਦਾ ਹੈ।

ਤੈਸੇ ਹੀ ਅਸਾਧ ਸਾਧ ਸੰਗਤਿ ਸੁਭਾਵ ਗਤਿ ਮੂਰੀ ਅਉ ਤੰਬੋਲ ਰਸ ਖਾਏ ਤੇ ਪਹਿਚਾਨੀਐ ।੧੫੮।

ਇਸੇ ਹੀ ਪ੍ਰਕਾਰ ਅਸਾਧ ਸੰਗਤ ਦੇ ਸਾਧ ਸੰਗਤ ਦੇ ਸੁਭਾਵ ਦੀ ਦਸ਼ਾ ਦਾ ਹੁੰਦਾ ਹੈ ਭਾਵ ਅਸਾਧ ਸੰਗਤਿ ਭੈੜੀ ਸੰਗਤ ਕੁਸੰਗ ਵਿਚ ਆਦਮੀ ਭੈੜੇ ਸੁਭਾਵ ਵਾਲਾ, ਬਣ ਜਾਂਦਾ ਹੈ ਤੇ ਸਾਧ ਸੰਗਤਿ ਵਿਚ ਭਲੇ ਚੰਗੇ ਸੁਭਾਵ ਵਾਲਾ ਪ੍ਰੰਤੂ ਸੂਰਤ ਨਹੀਂ ਬਦਲਿਆ ਕਰਦੀ ਜੀਕੂੰ ਮੂਲੀ ਅਤੇ ਪਾਨ ਦਾ ਰਸ ਸ੍ਵਾਦ ਮਜ਼ਾ ਖਾਣ ਤੇ ਹੀ ਪਛਾਣਿਆ ਜਾ ਸਕਦਾ ਹੈ ਤੀਕੂੰ ਭਲੇ ਬੁਰੇ ਦੀ ਪਛਾਣ ਸੰਗਤ ਸਮੀਪਤਾ ਤੋਂ ਹੀ ਹੋ ਆਇਆ ਕਰਦੀ ਹੈ, ਤਾਂ ਤੇ ਕੁਸੰਗਤੋਂ ਸੰਭਲ ਕੇ ਹੀ ਰਹੇ ॥੧੫੮॥


Flag Counter