ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 65


ਬਿਨੁ ਰਸ ਰਸਨਾ ਬਕਤ ਜੀ ਬਹੁਤ ਬਾਤੈ ਪ੍ਰੇਮ ਰਸ ਬਸਿ ਭਏ ਮੋਨਿ ਬ੍ਰਤ ਲੀਨ ਹੈ ।

ਜਿਹੜੀ ਰਸਨਾ ਪੂਰਬ ਕਾਲ ਵਿਖੇ ਰਸ ਤੋਂ ਬਿਹੀਨ ਹੋਈ ਹੋਈ ਬਹੁਤ ਬਾਤਾਂ ਬਕਿਆ ਕਰਦੀ ਸੀ ਪ੍ਰੇਮ ਰਸ ਨਾਮ ਦੇ ਸ੍ਵਾਦ ਦੇ ਬਸ ਅਧੀਨ ਹੋ ਕੇ ਭਾਵ ਉਸ ਵਿਚ ਪਰਚ ਕੇ ਮੋਨ ਬ੍ਰਤ ਲੀਨ ਹੈ ਮਸ਼ਟ ਬਿਰਤੀ ਵਿਚ ਲਿਵ ਲੀਨ ਹੋ ਜਾਂਦੀ ਹੈ ਭਾਵ ਦੂਸਰੇ ਕਿਸੇ ਨਾਲ ਬਚਨ ਬਿਲਾਸ ਕਰਣੋਂ ਚੁੱਪ ਸਾਧ ਲੈਂਦੀ ਹੈ।

ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਨ ਕੈ ਮਦੋਨ ਅੰਤਰ ਧਿਆਨ ਦ੍ਰਿਗ ਦੁਤੀਆ ਨ ਚੀਨ ਹੈ ।

ਅੰਮ੍ਰਿਤ ਰੂਪ ਨਿਧੀ ਦਾ ਅਸਥਾਨ ਰੂਪ ਅੰਮ੍ਰਿਤ ਨਿਧਾਨ ਅੰਮ੍ਰਿਤ ਦਾ ਖਜ਼ਾਨਾ ਜੋ ਪ੍ਰੇਮ ਰਸ ਹੈ, ਓਸ ਨੂੰ ਪਾਨ ਕੈ ਛਕ ਕੇ ਜਿਹੜੇ ਮਦੋਨ ਘੂਰਮ ਮਸਤ ਹੋ ਗਏ ਹਨ, ਉਹ ਦ੍ਰਿਗ ਨੇਤਰਾਂ ਦੇ ਧਿਆਨ ਅੰਦਰ ਦੁਤੀਆ ਦੂਸਰੇ ਕਿਸੇ ਰੂਪ ਨੂੰ ਪਛਾਨ ਚਿਨਾਰ ਵਿਚ ਲ੍ਯੌਂਦੇ ਹੀ ਨਹੀਂ ਹਨ।

ਪ੍ਰੇਮ ਨੇਮ ਸਹਜ ਸਮਾਧਿ ਅਨਹਦ ਲਿਵ ਦੁਤੀਆ ਸਬਦ ਸ੍ਰਵਨੰਤਰਿ ਨ ਕੀਨ ਹੈ ।

ਅਨਹਦ ਧੁਨੀ ਦੀ ਲਿਵ ਵਿਖੇ ਪ੍ਰੇਮ ਦਾ ਨੇਮ ਧਾਰਿਆਂ ਹੋ ਗਈ ਹੈ ਪ੍ਰਾਪਤ ਜਿਨ੍ਹਾਂ ਨੂੰ ਸਹਜ ਸਮਾਧ ਸਹਜ ਸਰੂਪੀ ਇਸਥਿਤੀ ਟਿਕਾਉ ਓਨਾਂ ਨੇ ਮੁੜ ਕਿਸੇ ਦੂਸਰੇ ਸਬਦ ਬਚਨ ਵਾ ਉਪਦੇਸ਼ ਸਿਖ੍ਯਾ ਨੂੰ ਸ੍ਰਵਨੰਤਰ ਕੰਨਾਂ ਦੇ ਅੰਦਰ ਕਦੀ ਨਹੀਂ ਕੀਤਾ ਹੈ, ਭਾਵ ਕਦਾਚਿਤ ਨਹੀਂ ਕਰਦੇ ਸੁਣਦੇ।

ਬਿਸਮ ਬਿਦੇਹ ਜਗ ਜੀਵਨ ਮੁਕਤਿ ਭਏ ਤ੍ਰਿਭਵਨ ਅਉ ਤ੍ਰਿਕਾਲ ਗੰਮਿਤਾ ਪ੍ਰਬੀਨ ਹੈ ।੬੫।

ਮੂਲ ਮੁੱਦਾ ਇਹ ਕਿ ਆਪਣੇ ਅੰਦਰ ਹੀ ਸਿਬਮ ਬਿਸਮਾਦ ਅਵਸਥਾ ਨੂੰ ਪ੍ਰਾਪਤ ਹੋ ਕੇ ਉਹ ਦੇਹ ਵਲੋਂ ਬੇ ਸੁਰਤ ਬੇ ਪ੍ਰਵਾਹ ਦੇਹ ਅਧ੍ਯਾਸ ਰਹਤ ਬਿਦੇਹ ਅਸ਼ਰੀਰ ਰੂਪ ਹੋਏ ਹੋਏ ਜਗਤ ਵਿਚ ਜੀਵਨ ਮੁਕਤ ਜੀਉਂਦੇ ਜੀ ਹੀ ਮੈਂ ਮੇਰੀ ਦੇ ਬੰਧਨਾਂ ਤੋਂ ਰਹਿਤ ਹੋ ਜਾਂਦੇ ਹਨ ਅਰੁ ਤਿੰਨਾਂ ਭਵਨਾਂ ਤ੍ਰ੍ਰੈ ਲੋਕੀ ਅਤੇ ਤਿੰਨਾਂ ਕਾਲਾਂ ਦੀ ਗੰਮਤਾ ਗ੍ਯਾਤ ਪਹੁੰਚ ਪ੍ਰਾਪਤੀ ਵਿਖੇ ਪ੍ਰਬੀਨ ਅਤ੍ਯੰਤ ਸ੍ਯਾਣੇ ਪਾਰ ਦਰਸ਼ੀ ਹੁੰਦੇ ਹਨ ॥੬੫॥