ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 152


ਗੁਰਮੁਖਿ ਪੂਰਨ ਬ੍ਰਹਮ ਦੇਖੇ ਦ੍ਰਿਸਟਿ ਕੈ ਗੁਰਮੁਖਿ ਸਬਦ ਕੈ ਪੂਰਨ ਬ੍ਰਹਮ ਹੈ ।

ਗੁਰਮੁਖ ਸਤਿਗੁਰਾਂ ਤੋਂ ਵਰੋਸਾਇਆ ਹੋਇਆ ਪੁਰਖ ਦਿਸਟਿ ਕੈ ਨਿਗ੍ਹਾ ਕਰ ਕੇ ਅਖੀਆਂ ਦ੍ਵਾਰੇ ਜੋ ਕੁਛ ਦੇਖਦਾ ਹੈ ਪੂਰਨ ਬ੍ਰਹਮ ਹੀ ਰਮਿਆ ਹੋਯਾ ਦੇਖਦਾ ਹੈ। ਅਤੇ ਗੁਰਮੁਖ ਜੋ ਕੁਛ ਬੋਲਦਾ, ਬਚਨ ਬਿਲਾਸ ਕਰਦਾ ਹੈ ਓਸ ਸ਼ਬਦ ਚਰਚਾ ਕਰ ਕੇ ਭੀ ਪੂਰਨ ਬ੍ਰਹਮ ਹੀ ਹੈ ਐਸਾ ਨਿਸਚਾ ਕਰਦਾ ਹੈ।

ਗੁਰਮੁਖਿ ਪੂਰਨ ਬ੍ਰਹਮ ਸ੍ਰੁਤਿ ਸ੍ਰਵਨ ਕੈ ਮਧੁਰ ਬਚਨ ਕਹਿ ਬੇਨਤੀ ਬਿਸਮ ਹੈ ।

ਗੁਰਮੁਖ ਨੂੰ ਸਰਵਣ ਕੈ ਕੰਨਾਂ ਕਰ ਕੇ ਸ੍ਰੁਤਿ ਸੁਣਿਆਂ ਭੀ ਪੂਰਨ ਬ੍ਰਹਮ ਹੀ ਹੁੰਦਾ ਹੈ। ਅਰੁ ਇਸੇ ਕਰ ਕੇ ਹੀ ਉਹ ਨਿੱਮਰਤਾ ਭਰੇ ਮਿਠੇ ਮਿਠੇ ਬਚਨ ਐਸੇ ਕਹਿੰਦਾ ਉਚਾਰਦਾ ਹੈ ਜਿਨ੍ਹਾਂ ਨੂੰ ਸੁਨਣ ਵਾਲੇ ਸ੍ਰੋਤੇ ਬਿਸਮ ਹੈਰਾਨ ਹੋ ਹੋ ਪਿਆ ਕਰਦੇ ਹਨ।

ਗੁਰਮੁਖਿ ਪੂਰਨ ਬ੍ਰਹਮ ਰਸ ਗੰਧ ਸੰਧਿ ਪ੍ਰੇਸ ਰਸ ਚੰਦਨ ਸੁਗੰਧ ਗਮਾਗਮ ਹੈ ।

ਰਸ ਅਰੁ ਗੰਧ ਸ੍ਵਾਦ ਤਥਾ ਸੁੰਘਨ ਵਾਲਿਆਂ ਪਦਾਰਥਾਂ ਦੇ ਸੰਧ ਸੰਜੋਗ ਸਮਾਗਮ ਮਿਲਦਿਆਂ ਹੋਯਾਂ ਭੀ ਗੁਰਮੁਖ ਵਾਸਤੇ ਪੂਰਨ ਬ੍ਰਹਮ ਹੀ ਪ੍ਰਤੀਤ ਹੋਯਾ ਕਰਦਾ ਹੈ। ਅਤੇ ਚੰਨਣ ਆਦਿ ਸੁਗੰਧੀ ਦੇ ਗਮ ਪ੍ਰਾਪਤ ਹੋਯਾਂ ਭੀ ਅਗੰਮ ਪ੍ਰੇਮ ਰਸ ਨੂੰ ਅਨੁਭਵ ਕਰਿਆ ਮਾਣਿਆ ਕਰਦਾ ਹੈ।

ਗੁਰਮੁਖਿ ਪੂਰਨ ਬ੍ਰਹਮ ਗੁਰ ਸਰਬ ਮੈ ਗੁਰਮੁਖਿ ਪੂਰਨ ਬ੍ਰਹਮ ਨਮੋ ਨਮ ਹੈ ।੧੫੨।

ਗੱਲ ਕੀਹ ਕਿ ਸਭ ਕਾਰ ਵਿਹਾਰ ਵਿਚ ਵਰਤਦਿਆਂ ਤੇ ਸਮੂੰਹ ਆਕਾਰ ਧਾਰੀਆਂ ਨੂੰ ਮਿਲਦਿਆਂ ਜੁਲਦਿਆਂ ਲੈਣ ਦੇਣ ਆਦਿ ਕਾਰਜ ਭੁਗਤਾਂਦਿਆਂ ਤੱਕ ਗੁਰਮੁਖ ਲਈ ਸਭ ਪੂਰਨ ਬ੍ਰਹਮ ਮਈ ਹੈ। ਇਸ ਵਾਸਤੇ ਐਸੇ ਸਮੂਹ ਅਵਸਥਾ ਵਿਖੇ ਪੂਰਨ ਬ੍ਰਹਮ ਭਾਵਨਾ ਪ੍ਰਾਯਣ ਪੂਰਨ ਬ੍ਰਹਮ ਸਰੂਪ ਗੁਰਮੁਖ ਤਾਂਈ ਬਾਰੰ ਬਾਰ ਨਮਸਕਾਰ ਕਰਦੇ ਹਾਂ॥੧੫੨॥


Flag Counter