ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 251


ਗੁਰਮੁਖਿ ਸਬਦ ਸੁਰਤਿ ਲਿਵ ਸਾਧਸੰਗ ਉਲਟਿ ਪਵਨ ਮਨ ਮੀਨ ਕੀ ਚਪਲ ਹੈ ।

ਸਾਧ ਸੰਗਤ ਵਿਖੇ ਗੁਰਮੁਵਤਾ ਪ੍ਰਾਪਤ ਪੁਰਖ ਗੁਰਮੁਖ ਨਦੀ ਅੰਦਰ ਜਲ ਧਾਰਾ ਦੇ ਸਹਾਰੇ ਚੰਚਲ ਮੱਛ ਦੀ ਆਓ ਜਾਈ ਸਮਾਨ ਮਨ ਨੂੰ ਪਵਣ ਪ੍ਰਾਣਾਂ ਦੀ ਗਤੀ ਬਾਹਰ ਜਾਣ ਆਗਤੀ ਅੰਦਰ ਔਣ ਅਨੁਸਾਰ ਉਲਟੋਂਦਿਆਂ ਪਲਟੌਂਦਿਆਂ ਸ਼ਬਦ ਵਿਖੇ ਸੁਰਤ ਦੀ ਲਿਵ ਤਾਰ ਸਾਧੇ ਤਾਂ:

ਸੋਹੰ ਸੋ ਅਜਪਾ ਜਾਪੁ ਚੀਨੀਅਤ ਆਪਾ ਆਪ ਉਨਮਨੀ ਜੋਤਿ ਕੋ ਉਦੋਤ ਹੁਇ ਪ੍ਰਬਲ ਹੈ ।

ਸੋਹੰ ਸੋਹੰ ਪਰਤ ਸਰਤ ਅਜਪਾ ਰੂਪ ਜਪ ਜਾਪਦਿਆਂ ਆਪ ਸ੍ਵਯੰ ਸਰੂਪੀ ਆਪੇ ਦੀ ਪਛਾਣ ਹੋ ਔਂਦੀ ਹੈ ਜਦਕਿ ਉਨਮਨੀ ਮਨ ਦੀ ਮਨੀ ਊਨ ਹੋਣ ਕਾਰਣ; ਚੈਤੰਨ੍ਯ ਜ੍ਯੋਤੀ ਪ੍ਰਬਲ ਹੋ ਕੇ ਜੋਰ ਮਾਰ ਕੇ ਬਜਰ ਕਿਵਾੜ ਭੇਦਨ ਕਰਦੀ ਹੋਈ ਵਾ ਅਪਣੇ ਪੂਰਨ ਵੇਗ ਨਾਲ ਉਦੋਤ ਹੁਇ ਹੈ ਪ੍ਰਗਟ ਹੋ ਆਇਆ ਕਰਦੀ ਹੈ।

ਅਨਹਦ ਨਾਦ ਬਿਸਮਾਦ ਰੁਨਝੁਨ ਸੁਨਿ ਨਿਝਰ ਝਰਨਿ ਬਰਖਾ ਅੰਮ੍ਰਿਤ ਜਲ ਹੈ ।

ਅਰੁ ਨਾਲ ਹੀ ਫੇਰ ਹਰਾਨ ਕਰਣ ਹਾਰੀ ਅਨਹਦ ਧੁਨੀ ਦੀ ਰਿਮ ਝਿਮ ਰਿਮ ਝਿਮ ਕਾਰਿਣੀ ਅੰਮ੍ਰਿਤ ਜਲ ਦੀ ਨਿਰੰਤਰ ਲਾਤਾਰ ਬਰਸਦੀ ਬਰਖਾ ਦੀ ਆਵਾਜ ਸੁਣਨ ਵਿਖੇ ਆਇਆ ਕਰਦ ਹੈ।

ਅਨਭੈ ਅਭਿਆਸ ਕੋ ਪ੍ਰਗਾਸ ਅਸਚਰਜ ਮੈ ਬਿਸਮ ਬਿਸ੍ਵਾਸ ਬਾਸ ਬ੍ਰਹਮ ਸਥਲ ਹੈ ।੨੫੧।

ਇਸ ਪ੍ਰਕਾਰ ਅਭਿਆਸ ਨੂੰ ਸਾਧਦਿਆਂ ਅਚਰਜਮਈ ਅਨੁਭਵ ਦਾ ਪ੍ਰਗਾਸ ਚਾਨਣੀ ਪ੍ਰਗਟ ਹੋਣਾ ਹੋਇਆ ਕਰਦਾ ਹੈ। ਅਰੁ ਇਸੇ ਅਨੁਭਵੀ ਅਵਸਥਾ ਦੇ ਬ੍ਰਹਮ ਸਥਲ ਬਾਸ ਬ੍ਰਹਮ ਦੀ ਠੌਰ ਬ੍ਰਹਮ ਪੁਰੀ ਸੱਚ ਖੰਡ ਵਿਖੇ ਨਿਵਾਸ ਪ੍ਰਾਪਤ ਹੋਣ ਦਾ ਅਪੂਰਬ ਬਿਸ੍ਵਾਸ ਦ੍ਰਿੜ੍ਹ ਨਿਸਚਾ ਓਸ ਨੂੰ ਬੱਝ ਜਾਇਆ ਕਰਦਾ ਹੈ ॥੨੫੧॥