ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 154


ਖੁਲੇ ਸੇ ਬੰਧਨ ਬਿਖੈ ਭਲੋ ਹੀ ਸੀਚਾਨੋ ਜਾਤੇ ਜੀਵ ਘਾਤ ਕਰੈ ਨ ਬਿਕਾਰੁ ਹੋਇ ਆਵਈ ।

ਸੀਚਾਨੋ ਬਾਜ ਬੰਨਨ ਵਿੱਚ ਲੱਕ ਪੇਟੀ ਪਈ ਫੜਿਆ ਹੋਯਾ ਖੁੱਲਿਆਂ ਨਾਲੋਂ ਭਲੋ ਹੋ ਜਾਤੇ ਚੰਗਾ ਹੋ ਜਾਂਦਾ ਹੈ, ਕ੍ਯੋਂਕਿ ਐਸਾ ਹੋਣ ਤੇ ਉਹ ਨਾ ਤਾਂ ਜੀਵ ਹਤ੍ਯਾ ਹੀ ਮਨ ਮੰਨੀ ਤਰਾਂ ਕਰ ਸਕਿਆ ਕਰਦਾ ਹੈ, ਤੇ ਨਾ ਹੀ ਕੋਈ ਹੋਰ ਵਿਗਾੜ ਓਸ ਪਾਸੋਂ ਬਣ ਆਯਾ ਕਰਦਾ ਹੈ।

ਖੁਲੇ ਸੇ ਬੰਧਨ ਬਿਖੈ ਚਕਈ ਭਲੀ ਜਾਤੇ ਰਾਮ ਰੇਖ ਮੇਟਿ ਨਿਸਿ ਪ੍ਰਿਅ ਸੰਗੁ ਪਾਵਈ ।

ਚਕਵੀ ਖੁੱਲੀ ਨਾਲੋਂ ਪਿੰਜਰੇ ਪਈ ਹੋਈ ਭਲੀ ਚੰਗੀ ਬਣ ਜਾਂਦੀ ਹੈ ਜਾ ਤੇ ਜਿਸ ਕਰ ਕੇ ਰਾਮ ਰੇਖ ਰਾਮ ਚੰਦ੍ਰ ਦੇ ਸਰਾਪ ਨੂੰ ਰਾਤਰੀ ਦੇ ਸਮੇਂ ਪ੍ਰਿਅ ਅਪਣੇ ਪਤੀ ਚਕਵੇ ਦੇ ਮੇਲ ਨੂੰ ਪ੍ਰਾਪਤ ਹੋਈ ਰਹਿੰਦੀ ਹੈ।

ਖੁਲੇ ਸੇ ਬੰਧਨ ਬਿਖੈ ਭਲੋ ਹੈ ਸੂਆ ਪ੍ਰਸਿਧ ਸੁਨਿ ਉਪਦੇਸੁ ਰਾਮ ਨਾਮ ਲਿਵ ਲਾਵਈ ।

ਇਹ ਗੱਲ ਭੀ ਪ੍ਰਸਿੱਧ ਮਸ਼ਹੂਰ ਹੈ ਚੰਗੀ ਤਰਾਂ ਨਾਲ ਸਹੀ ਹੋ ਚੁੱਕੀ ਹੋਈ ਹੈ ਕਿ ਤੋਤਾ ਭੀ ਖੁੱਲ੍ਯਾਂ ਨਾਲੋਂ ਛੁੱਟੀ ਹੋਈ ਦਸ਼ਾ ਨਾਲੋਂ ਪਿੰਜਰੇ ਵਿਚ ਬੰਦ ਪਿਆ ਹੀ ਚੰਗਾ ਹੁੰਦਾ ਹੈ। ਕ੍ਯੋਂ ਜੁ ਐਸਾ ਹੋਣ ਕਰ ਕੇ ਹੀ ਅਨੇਕ ਤਰ੍ਹਾਂ ਦੀ ਬਾਣੀ ਰੂਪ ਉਪਦੇਸ਼ ਨੂੰ ਸੁਣ ਸਕਦਾ ਤੇ ਰਾਮ ਦੇ ਨਾਮ ਦੀ ਲਿਵ ਬਾਰੰ ਬਾਰ ਰਟ ਲਗਾ ਸਕਦਾ ਹੈ।

ਮੋਖ ਪਦਵੀ ਸੈ ਤੈਸੇ ਮਾਨਸ ਜਨਮ ਭਲੋ ਗੁਰਮੁਖਿ ਹੋਇ ਸਾਧਸੰਗਿ ਪ੍ਰਭ ਧਿਆਵਈ ।੧੫੪।

ਤਿਸੀ ਪ੍ਰਕਾਰ ਮੋਖ ਪਦਵੀ ਨਾਲੋਂ ਮਨੁੱਖ ਸਰੀਰ ਰੂਪ ਪਿੰਜਰੇ ਵਿਚ ਜੀਵ ਦਾ ਅਸਾਡਾ ਔਣਾ ਰੂਪ ਮਾਨਸ ਜਨਮ ਲੈਣਾ ਚੰਗਾ ਹੈ, ਜਿਸ ਕਰ ਕੇ ਸਤ ਸੰਗਤ ਦ੍ਵਾਰੇ ਗੁਰਮੁਖ ਬਣ ਕੇ ਇਹ ਮਨੁੱਖ ਸਰਬ ਸ਼ਕਤੀ ਮਾਨ ਵਾਹਿਗੁਰੂ ਨੂੰ ਧਿਔਂਦਾ ਅਰਾਧਦਾ ਰਹੇ ॥੧੫੪॥


Flag Counter