ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 229


ਏਕ ਮਨੁ ਆਠ ਖੰਡ ਖੰਡ ਖੰਡ ਪਾਂਚ ਟੂਕ ਟੂਕ ਟੂਕ ਚਾਰਿ ਫਾਰ ਫਾਰ ਦੋਇ ਫਾਰ ਹੈ ।

ਇਕ ਮਨ ਦੇ ਪਹਿਲੇ ਹੋਏ ਅੱਠ ਭਾਗ ਜਿਸ ਨੂੰ ਨਾਇਕ ਤੇ ਨਾਇਕਾ ਦੇ ਰੂਪ ਵਿਚ ਦਸਿਆ ਹੈ ਭਾਵ, ਅੱਠ ਪਸੇਰੀਆਂ ਤੇ ਓਸ ਖੰਡ ਖੰਡ ਹਰ ਇਕ ਪੰਜ ਪੰਜ ਸੇਰ ਰੂਪ ਹਿੱਸੇ ਦੇ ਪੰਜ ਪੰਜ ਟੁਕੜੇ ਜਿਨ੍ਹਾਂ ਨੂੰ ਪੰਜ ਪੰਜ ਪੁਤ੍ਰ ਦੇ ਨਾਮ ਨਾਲ ਉਚਾਰਿਆ ਗਿਆ ਹੈ ਅਰੁ ਉਹੀ ਟੁਕੜੇ ਟੁਕੜੇ ਨਿਆਰੇ ਨਿਆਰੇ ਫਾਰਿਆਂ ਪਾੜਿਆਂ ਹੋਏ ਫੇਰ ਸਵਾ ਸਵਾ ਸੇਰ ਦੇ ਚਾਰ ਹਿੱਸੇ ਜਿਨ੍ਹਾਂ ਨੂੰ ਪੋਤੇ ਰੂਪ ਵਰਨਣ ਕੀਤਾ ਗਿਆ ਹੈ ਤੇ ਅਗੇ ਓਨਾਂ ਦੀਆਂ ਫੇਰ ਦੋ ਦੋ ਫਾਂਕਾ ਹਿੱਸੇ ਕੀਤੇ ਜੋ ਢਾਈ ਢਾਈ ਪਾਈਆਂ ਦੀਆਂ ਨਾਤੀ ਪਤਨੀਆਂ ਦੋ ਦੋ ਆਖੀਆਂ ਗਈਆਂ ਪੋਤਿਓਂ ਨੂੰਹਾਂ।

ਤਾਹੂ ਤੇ ਪਈਸੇ ਅਉ ਪਈਸਾ ਏਕ ਪਾਂਚ ਟਾਂਕ ਟਾਂਕ ਟਾਂਕ ਮਾਸੇ ਚਾਰਿ ਅਨਿਕ ਪ੍ਰਕਾਰ ਹੈ ।

ਤਿਨਾਂ ਢਾਈ ਢਾਈ ਪਾਈਆਂ ਦੇ ਅਗੇ ਬਣੇ ਫੇਰ ਪਈਸੇ ਪਾਈਏ ਅਰੁ ਪਈਸਾ ਇਕ ਇਕ ਪਾਈਆ ਪੰਜ ਪੰਜ ਟਾਂਕ ਟੁਕੜੇ ਦੀ ਸਿਰਸਾਹੀ ਬਣਿਆ ਇਕ ਇਕ ਸਿਰਸਾਹੀ ਰੂਪ ਟਾਂਕ ਟਾਂਕ ਟੁਕੜੇ ਟੁਕੜੇ ਨੂੰ ਜਦ ਪਸਾਰਿਆ ਉਸ ਨੇ ਮਾਸਿਆਂ ਵਿਚ ਤਾਂ ਚਾਰ ਚਾਰ ਮਾਸੇ ਦੇ ਉਹ ਟੁਕੜੇ ਬਣ ਗਏ ਅਨੇਕ ਪ੍ਰਕਾਰ ਦੇ ਬ੍ਯੰਤ ਹੀ।

ਮਾਸਾ ਏਕ ਆਠ ਰਤੀ ਰਤੀ ਆਠ ਚਾਵਰ ਕੀ ਹਾਟ ਹਾਟ ਕਨੁ ਕਨੁ ਤੋਲ ਤੁਲਾਧਾਰ ਹੈ ।

ਉਹ ਇਕ ਇਕ ਮਾਸ ਹੋਯਾ ਅੱਠ ਅੱਠ ਰੱਤੀ ਦਾ ਤੇ ਰੱਤੀ ਅਗੇ ਮੁੜ ਪਸਰੀ ਅੱਠਾਂ ਚੌਲਾਂ ਵਿਚ ਅਤੇ ਉਹ ਚੌਲ ਅਠ ਅਦਾਣੇ ਖ਼ਸਖਾਸ ਦੇ ਇਸ ਭਾਂਤ ਪੋਤਿਆਂ ਦੀਆਂ ਧੀਆਂ ਦੁਹਿਤੀਆਂ ਤੇ ਓਨਾਂ ਦੀ ਸੰਤਾਨ ਰੂਪ ਪਸਾਰਾ ਹੋ ਕੇ ਹੱਟੀ ਹੱਟੀ ਉਪਰ ਤੁਲੀਂਦਾ ਪਿਆ ਹੈ ਤੁਲਾਧਾਰ ਬਣੀਏ ਲੋਕਾਂ ਦ੍ਵਾਰੇ।

ਪੁਰ ਪੁਰ ਪੂਰਿ ਰਹੇ ਸਕਲ ਸੰਸਾਰ ਬਿਖੈ ਬਸਿ ਆਵੈ ਕੈਸੇ ਜਾ ਕੋ ਏਤੋ ਬਿਸਥਾਰ ਹੈ ।੨੨੯।

ਸਮੂਹ ਸੰਸਾਰ ਵਿਖੇ ਸ਼ਹਿਰ ਸ਼ਹਿਰ ਨਗਰ ਨਗਰ ਅੰਦਰ ਪੂਰਿ ਰਿਹਾ ਪਸਰ ਰਿਹਾ ਹੈ ਇਸੇ ਦਾ ਹੀ ਪ੍ਰਪੰਚ ਸੋ ਜਿਸ ਦਾ ਐਤਨਾ ਵਿਸਤਾਰ ਪਸਾਰਾ ਹੈ ਸੋ ਐਸਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪ ਬਿਰਤੀਆਂ ਵਾ ਆਸਾ ਤ੍ਰਿਸ਼ਨਾ ਹਿੰਸਾ ਮਤਸਰ ਦੰਭ ਦਰਪ ਆਦਿ ਅਨੰਤ ਰੂਪ ਹੋ ਸਰਬਤ੍ਰ ਪਸਰਿਆ ਮਨ ਕਿਸ ਪ੍ਰਕਾਰ ਵੱਸ ਆਵੇ। ਭਾਵ ਇਕ ਮਾਤ੍ਰ ਹਗੁਰਮੁਖੀ ਟਕਸਾਲ ਅੰਦਰ ਹੀ ਘਾੜਤ ਪਾ ਕੇ ਇਹ ਇਕ ਇਕਾਗ੍ਰ ਰੂਪ ਵਿਚ ਗ੍ਰਹਿਣ ਕੀਤਾ ਜਾ ਸਕਦਾ ਹੈ ॥੨੨੯॥