ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 469


ਸੋਈ ਪਾਰੋ ਖਾਤਿ ਗਾਤਿ ਬਿਬਿਧਿ ਬਿਕਾਰ ਹੋਤ ਸੋਈ ਪਾਰੋ ਖਾਤ ਗਾਤ ਹੋਇ ਉਪਚਾਰ ਹੈ ।

ਓਹੋ ਹੀ ਪਾਰਾ ਖਾਧਿਆਂ ਸਰੀਰ ਅੰਦਰ ਅਨੇਕਾਂ ਵਿਕਾਰ ਰੋਗ ਉਪਜ ਪਿਆ ਕਰਦੇ ਹਨ; ਤੇ ਓਹੋ ਹੀ ਪਾਰਾ ਖਾਧਿਆਂ ਸਰੀਰ ਦਾ ਉਪਚਾਰ ਇਲਾਜ ਹੁੰਦਾ ਹੈ, ਭਾਵ ਸਰੀਰ ਦੇ ਰੋਗ ਨਿਵਿਰਤੀ ਦਾ ਕਾਰਣ ਹੁੰਦਾ ਹੈ।

ਸੋਈ ਪਾਰੋ ਪਰਸਤ ਕੰਚਨਹਿ ਸੋਖ ਲੇਤ ਸੋਈ ਪਾਰੋ ਪਰਸ ਤਾਂਬੋ ਕਨਿਕ ਧਾਰਿ ਹੈ ।

ਓਹੋ ਹੀ ਪਾਰਾ ਪਰਸਿਆਂ ਸੋਨੇ ਨੂੰ ਚੱਟ ਲਿਆ ਕਰਦਾ ਹੈ, ਤੇ ਓਹੋ ਪਾਰਾ ਹੀ ਤਾਂਬੇ ਨੂੰ ਪਰਸਨ ਮਾਤ੍ਰ ਤੇ ਸੋਨਾ ਬਣਾ ਦਿੰਦਾ ਹੈ।

ਸੋਈ ਪਾਰੋ ਅਗਹੁ ਨ ਹਾਥਨ ਕੈ ਗਹਿਓ ਜਾਇ ਸੋਈ ਪਾਰੋ ਗੁਟਕਾ ਹੁਇ ਸਿਧ ਨਮਸਕਾਰ ਹੈ ।

ਓਹੋ ਪਾਰਾ ਹੀ ਐਡਾ ਚੰਚਲ ਹੈ ਕਿ ਹੱਥ ਨਾਲ ਫੜਿਆ ਨਹੀਂ ਜਾ ਸਕਿਆ ਕਰਦਾ ਤੇ ਓਹੋ ਹੀ ਪਾਰਾ ਜਦ ਗੁਟਕਾ ਗੋਲੀ ਬਣ ਜਾਂਦਾ ਹੈ ਤਾਂ ਸਿੱਧ ਸਰੂਪ ਨਮਸਕਾਰ ਜੋਗ ਹੈ, ਵਾ ਗੋਲੀ ਬਣ ਕੇ ਹੱਥ ਵਿਚ ਆਯਾ ਮਨੁੱਖ ਨੂੰ ਨਮਸਕਾਰ ਜੋਗ ਸਿੱਧ ਬਣਾ ਦਿੰਦਾ ਹੈ।

ਮਾਨਸ ਜਨਮੁ ਪਾਇ ਜੈਸੀਐ ਸੰਗਤਿ ਮਿਲੈ ਤੈਸੀ ਪਾਵੈ ਪਦਵੀ ਪ੍ਰਤਾਪ ਅਧਿਕਾਰ ਹੈ ।੪੬੯।

ਇਸੇ ਪ੍ਰਕਾਰ ਮਨੁੱਖ ਜਨਮ ਨੂੰ ਪਾ ਕੇ ਜੈਸੀ ਜੈਸੀ ਸੰਗਤ ਮਿਲੇ, ਤਿਸੇ ਤਿਸੇ ਪ੍ਰਕਾਰ ਦੀ ਹੀ ਪਦਵੀ ਦਰਜੇ ਨੂੰ ਅਧਿਕਾਰ ਵਿੱਤ ਅਨੁਸਾਰ ਪ੍ਰਾਪਤ ਹੋਯਾ ਕਰਦਾ ਹੈ ॥੪੬੯॥