ਜਿਸ ਤਰ੍ਹਾਂ ਫੇਰ ਸਫਲ ਬਨ ਬਾਗ ਅੰਦਰ ਅਨੇਕ ਭਾਂਤ ਦੇ ਬਿਰਛ ਬੂਟੇ ਹੁੰਦੇ ਹਨ, ਪਰ ਜਿਸ ਦੇ ਫਲ ਮਿਠੇ ਮਿਠੇ ਹੋਣ ਪੰਛੀ ਓਸ ਉਪਰ ਹੀ ਚਲ ਚਲ ਉਡੇ ਉਡੇ ਜਾਯਾ ਕਰਦੇ ਹਨ।
ਜਿਸ ਤਰ੍ਹਾਂ ਪਰਬਤ ਅੰਦਰ ਬ੍ਯੰਤ ਪਥਰ ਹੀ ਪਥਰ ਦਿਖਾਈ ਦਿਆ ਕਰਦੇ ਹਨ ਪਰ ਜਿਸ ਪਰਬਤ ਵਿਖੇ ਹੀਰਾ ਹੁੰਦਾ ਹੈ, ਖੋਜੀ ਖਨਵਾਰਾ ਖਾਨ ਪੁਟਾਊ ਖੋਜੀ ਓਸੇ ਨੂੰ ਹੀ ਖੋਜਨ ਵੱਲ ਲਲਚੌਂਦਾ ਹੈ ਭਾਵ ਸਧਾਰਣ ਪਥਰਾਂ ਵਾਲੇ ਪਰਬਤਾਂ ਵਿਖੇ ਨਹੀਂ ਭਰਮਦਾ।
ਜਿਸ ਤਰ੍ਹਾਂ ਫੇਰ ਸਮੁੰਦ੍ਰ ਵਿਖੇ ਅਨੰਤ ਅਸੰਖਾਂ ਹੀ ਜੀਵ ਵੱਸਦੇ ਹਨ ਪਰ ਹੰਸ ਅਨੰਤ ਜੰਤ ਵਾਸ ਨੂੰ ਧ੍ਯਾਨ ਵਿਚ ਹੀ ਨਹੀਂ ਲ੍ਯੌਂਦਾ ਤੇ ਜਿਸ ਸਮੁੰਦ੍ਰ ਵਿਚ ਅਮੋਲਕ ਮੋਤੀ ਹੋਣ ਓਸ ਨੂੰ ਹੀ ਖੋਜ ਕੇ ਉਥੇ ਹੀ ਜਾ ਕੇ ਮੋਤੀ ਖਾਯਾ ਕਰਦਾ ਹੈ।
ਤਿਸੇ ਤਰ੍ਹਾਂ ਹੀ ਗੁਰੂ ਮਹਾਰਾਜ ਦੇ ਚਰਣਾਂ ਦਸ਼ਰਣਿ ਅਸੰਖਾਂ ਬੇਸ਼ੁਮਾਰ ਅਨਗਿਣਤ ਸਿੱਖ ਹੁੰਦੇ ਹਨ ਪ੍ਰੰਤੂ ਜਾ ਮਹਿ ਜਿਸ ਸਿੱਖ ਦੇ ਹਿਰਦੇ ਅੰਦਰ ਗੁਰੂ ਕਾ ਗ੍ਯਾਨ ਪ੍ਰਗਟ ਹੋ ਚੁੱਕਾ ਹੋਵੇ ਅਰਥਾਤ ਗੁਰ ਉਪਦੇਸ਼ ਨੂੰ ਜ੍ਯੋਂ ਕਾ ਤ੍ਯੋਂ ਕਮਾਵਨ ਤੇ ਜਿਸ ਦੇ ਹਿਰਦੇ ਅੰਦਰ ਵਾਹਗੁਰੂ ਦੇ ਸਰੂਪ ਦਾ ਸਾਖ੍ਯਾਤਕਾਰ ਹੋ ਆਯਾ ਹੋਵੇ ਤਾਹਿ ਤਿਸ ਵੱਲ ਹੀ ਤਿਸ ਦੀ ਸੰਗਤ ਖਾਤਰ ਹੀ ਲੋਕ ਖਿਚੀਵਿਆ ਪ੍ਰੇਮ ਕਰ੍ਯਾ ਕਰਦੇ ਹਨ ॥੩੬੬॥