ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 50


ਗੁਰ ਸਿਖ ਸੰਧਿ ਮਿਲੇ ਦ੍ਰਿਸਟਿ ਦਰਸ ਲਿਵ ਗੁਰਮੁਖਿ ਬ੍ਰਹਮ ਗਿਆਨ ਧਿਆਨ ਲਿਵ ਲਾਈ ਹੈ ।

ਗੁਰ ਸਿੱਖ ਸੰਧੀ ਦੇ ਮਿਲਿਆਂ ਪਹਿਲ ਪ੍ਰਥਮੇ ਦ੍ਰਿਸ਼੍ਟੀ ਔਰ ਦਰਸ਼ਨ ਰੂਪ ਲਿਵ ਅਭ੍ਯਾਸ ਦੀ ਤਾਰ ਦੇ ਮੰਡਲ ਵਿਚ ਵਰਤ ਕੇ ਏਕਤਾ ਦੇ ਘਰ ਵਿਚ ਔਂਦੇ ਹਨ। ਤਾਤਪ੍ਰਯ ਇਹ ਕਿ ਸਭ ਸਰੀਰ ਇੰਦ੍ਰੀਆਂ ਮਨ ਆਦਿ ਦੀ ਕ੍ਰਿਯਾ ਵਰਤਨ ਨੂੰ ਨਿਗ੍ਹਾ ਵਿਚ ਰਖਣ ਵਾਲੀ ਅੰਤ੍ਰੀਵੀ ਜੋਤ ਚੇਤਨ ਸੱਤਾ ਦੇ ਦਰਸ਼ਨ ਵਿਚ ਲਿਵ ਲੱਗ ਜਾਂਦੀ ਹੈ।

ਗੁਰ ਸਿਖ ਸੰਧਿ ਮਿਲੇ ਸਬਦ ਸੁਰਤਿ ਲਿਵ ਗੁਰਮੁਖਿ ਬ੍ਰਹਮ ਗਿਆਨ ਧਿਆਨ ਸੁਧਿ ਪਾਈ ਹੈ ।

ਅਰ ਇਸੇ ਹੀ 'ਸਾਧ ਲਿਵ ਲਾਈ' ਲਿਵ ਲਾਵਨ ਦੀ ਸਾਧਨਾ ਸਾਧਦਿਆਂ ਹੋ ਜਾਂਦਾ ਹੈ ਏਹੋ ਹੀ ਸਾਧਨ ਗੁਰਮੁਖੀ ਬ੍ਰਹਮਗ੍ਯਾਨ। ਭਾਵ ਗੁਰਮਤਿ ਅਨੁਸਾਰੀ ਪਹਿਲੇ ਦਰਜੇ ਦਾ ਬ੍ਰਹਮ ਗਿਆਨ ਇਸ ਅਭ੍ਯਾਸ ਦ੍ਵਾਰੇ ਪ੍ਰਾਪਤ ਹੁੰਦਾ ਹੈ। ਉਪ੍ਰੰਤ ਗੁਰ ਸਿੱਖ ਸੰਧੀ ਦੇ ਮਿਲਿਆਂ ਸ਼ਬਦ ਵਿਖੇ ਸੁਰਤਿ ਦੀ ਲਿਵ ਲੱਗਿਆ ਕਰਦੀ ਹੈ ਤਾਤਪਰਜ ਇਹ ਕਿ ਤੱਕਨ ਸੁਨਣ ਆਦਿ ਸਮੂਹ ਅੰਦਰਲੀ ਬਾਹਰਲੀ ਕਾਰਵਾਈ ਦੇ ਉਤਰ ਦਾਤੇ ਅੰਦਰਲੇ ਦੇ ਬੋਲ ਬੋਲਨਿ ਹਾਰ ਪਰਮ ਗੁਰ ਏਹੀ ਰੂਪ ਸ਼ਬਦ ਬ੍ਰਹਮ ਦੇ ਸੁਨਣ ਅਨੁਭਵ ਕਰਨ ਦੇ ਜਤਨ ਰੂਪ ਅਭ੍ਯਾਸ ਦ੍ਵਾਰੇ ਜਦ ਸੁਰਤਿ ਦੀ ਲਿਵ ਉਸ ਵਿਖੇ ਲੱਗਦੀ ਹੈ ਤਾਂ ਇਸ ਗ੍ਯਾਨ ਦੇ ਪ੍ਰਭਾਵ ਕਰ ਕੇ ਜੋ ਸੁਧ ਸੋਝੀ ਪਾਈ ਪ੍ਰਾਪਤ ਹੁੰਦੀ ਹੈ ਉਹ ਭੀ ਹੈ ਬ੍ਰਹਮ ਗਿਆਨ ਹੀ ਦਰਜੇ ਦੂਸਰੇ ਦਾ।

ਗੁਰ ਸਿਖ ਸੰਧਿ ਮਿਲੇ ਸ੍ਵਾਮੀ ਸੇਵਕ ਹੁਇ ਗੁਰਮੁਖਿ ਨਿਹਕਾਮ ਕਰਨੀ ਕਮਾਈ ਹੈ ।

ਇਸੇ ਪ੍ਰਕਾਰ ਹੀ ਗੁਰ ਸਿੱਖ ਸੰਧੀ ਦੇ ਮਿਲਿਆਂ ਸ੍ਵਾਮੀ ਸਤਿਗੁਰ ਪਰਮਾਤਮਾ ਸੇਵਕ ਹੋਇ ਸਿੱਖ ਦੇ ਅੰਦਰ ਵਾ ਆਤਮੇ ਵਿਚ ਨਿਜਰੂਪ ਦਾ ਸਾਖ੍ਯਾਤਕਾਰ ਜਲਵਾ ਬਖਸ਼ਿਆ ਕਰਦਾ ਹੈ ਭਾਵ ਉਪਰਲੇ ਸਾਧਨ ਸਾਧਦੇ ਸਾਧਦੇ, ਆਤਮਾ ਪ੍ਰਾਇਣ ਹੁੰਦੇ ਇਸ ਵਿਖੇ ਸਤਿਗੁਰੂ ਪਰਮਾਤਮਾ ਦਾ ਪ੍ਰਤੱਖ ਚਮਤਕਾਰ ਹੋ ਔਂਦਾ ਹੈ ਤੀਸਰਾ ਦਰਜਾ ਇਸ ਕਰਣੀ ਕਮਾਈ ਅਭਿਆਸ ਕਰ ਕੇ ਗੁਰਮੁਖ ਨਿਹਕਮ ਹੈ ਗੁਰਮੁਖ ਨਿਰਸੰਕਲਪ ਨਿਰ ਵਿਕਲਪ ਨਿਰਬਾਣ, ਸਰੂਪ ਹੋ ਜਾਇਆ ਕਰਦਾ ਹੈ।

ਗੁਰ ਸਿਖ ਸੰਧਿ ਮਿਲੇ ਕਰਨੀ ਸੁ ਗਿਆਨ ਧਿਆਨ ਗੁਰਮੁਖਿ ਪ੍ਰੇਮ ਨੇਮ ਸਹਜ ਸਮਾਈ ਹੈ ।੫੦।

ਸਿਧਾਂਤ ਕੀਹ ਕਿ ਗੁਰਸਿੱਖ ਸੰਧੀ ਮਿਲਿਆਂ ਉਕਤ ਸ੍ਰੇਸ਼ਟ ਕਰਣੀ ਤਥਾ ਗਿਆਨ ਧਿਆਨ ਨੂੰ ਸਾਧਦਿਆਂ ਹੋਇਆਂ ਗੁਰਮੁਖ ਸਹਜ ਸਰੂਪ ਦੇ ਨੇਮ ਲਗਾਤਾਰ ਪ੍ਰੇਮ ਪਰਚੇ ਵਿਖੇ ਸਮਾਈ ਹੈ ਸਮਾਇ ਜਾਂਦਾ ਲਿਵ ਲੀਨ ਹੋ ਜਾਂਦਾ ਹੈ ਇਹ ਹੈ ਗੁਰਮੁਖਾਂ ਦੇ ਬ੍ਰਹਮ ਗਿਆਨ ਦਾ ਚੌਥਾ ਪਦ ਸਹਜ ਗਿਆਨ ਚੌਥਾ ਦਰਜਾ ॥੫੦॥