ਜਿਸ ਤਰ੍ਹਾਂ ਵੱਛਾ ਮਾਂ ਗਾਂ ਨੂੰ ਮਿਲਣ ਵਾਸਤੇ ਅੜੌਂਦਾ ਹੈ, ਪਰ ਬੰਧਨ ਦੇ ਅਧੀਨ ਰੱਸੇ ਨਾਲ ਜਕੜਿਆ ਹੋਣ ਕਰ ਕੇ ਓਸ ਦਾ ਕੁਛ ਵੱਸ ਨਹੀਂ ਚਲ ਸਕਿਆ ਕਰਦਾ।
ਜਿਸ ਤਰ੍ਹਾਂ ਫੇਰ ਵਿਗਾਰੇ ਫੜਿਆ ਆਦਮੀ ਘਰ ਨੂੰ ਜਾਣਾ ਲੋਚਦਾ ਹੈ, ਪਰ ਪਰਾਈ ਅਧੀਨਗੀ ਵਿਚ ਪਿਆਂ, ਇਵੇਂ ਹੀ ਚਿਤਵਦਿਆਂ ਵਿਚਾਰੇ ਦਾ ਸਮਾਂ ਬੀਤ ਜਾਇਆ ਕਰਦਾ ਹੈ।
ਜਿਸ ਤਰ੍ਹਾਂ ਵਿਜੋਗਨ ਇਸਤ੍ਰੀ ਪਿਆਰੇ ਪਤੀ ਨਾਲ ਪ੍ਰੀਤੀ ਕਰਨਾ ਚਾਹੁੰਦੀ ਹੈ, ਪਰੰਤੂ ਕੁਲ ਲੱਜਿਆ ਦੇ ਕੁੰਡੇ ਕਾਰਣ ਓਸ ਪਾਸ ਜਾ ਨਹੀਂ ਸਕ੍ਯਾ ਕਰਦੀ ਤੇ ਇਸੇ ਕਾਰਣ ਅੰਦਰੇ ਅੰਦਰ ਤਾਂਘਦੀ ਦਾ ਸਰੀਰ ਦੁਬਲਾ ਪਤਲਾ ਹੋ ਜਾਂਦਾ ਹੈ।
ਤਿਸੀ ਪ੍ਰਕਾਰ ਹੀ ਗੁਰੂ ਮਹਾਰਾਜ ਦਿਆਂ ਚਰਣਾਂ ਦੀ ਸਰਣ ਦਾ ਸੁਖ ਗੁਰਸਿੱਖ ਲੋਚਦਾ ਰਹਿੰਦਾ ਹੈ, ਪਰ ਆਗ੍ਯਾ ਦਾ ਬੱਧਾ ਵਿਚਾਰਾ ਪ੍ਰਦੇਸ ਵਿਚ ਹੀ ਰਹਿੰਦਾ ਹੋਇਆ, ਪਿਆ ਬ੍ਯਾਕੁਲ ਹੋਯਾ ਕਰਦਾ ਹੈ ॥੫੨੦॥