ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 429


ਸਤਿਗੁਰ ਚਰਨ ਕਮਲ ਮਕਰੰਦ ਰਜ ਲੁਭਤ ਹੁਇ ਮਨ ਮਧੁਕਰ ਲਪਟਾਨੇ ਹੈ ।

ਸਤਿਗੁਰਾਂ ਦੇ ਚਰਣ ਕਮਲਾਂ ਨੂੰ ਓਨਾਂ ਦੀ ਰਜ ਧੂਲੀ ਰੂਪ ਮਕਰੰਦ ਰਸ ਖਾਤਰ ਲੁਭਿਤ ਲੁਭਾਇਮਾਨ ਹੋਇਆ ਹੋਇਆ ਮਨ ਭੌਰੇ ਵਤ ਲਿਪਟਿਆ ਰਹਿੰਦਾ ਹੈ।

ਅੰਮ੍ਰਿਤ ਨਿਧਾਨ ਪਾਨ ਅਹਿਨਿਸਿ ਰਸਕਿ ਹੁਇ ਅਤਿ ਉਨਮਤਿ ਆਨ ਗਿਆਨ ਬਿਸਰਾਨੇ ਹੈ ।

ਐਸਾ ਹੀ ਨਿਧਾਨ ਨਿਧੀਆਂ ਦੇ ਅਸਥਾਨ ਰੂਪ ਉਕਤ ਚਰਣ ਕਮਲਾਂ ਦੇ ਅੰਮ੍ਰਿਤ ਛਕਦੇ ਰਹਿਣ ਦਾ ਰਾਤ ਦਿਨ ਰਸੀਆ ਅਨੁਰਾਗੀ ਪ੍ਰੇਮੀ ਬਣਿਆ ਅਤ੍ਯੰਤ ਉਨਮਤਿ ਮਗਨਾਨਾ ਹੋਇਆ; ਹੋਰਨਾਂ ਗਿਆਨਾਂ ਚਤੁਰਾਈਆਂ ਸ੍ਯਾਣਪਾਂ ਆਦਿ ਜਾਣਕਾਰੀਆਂ ਨੂੰ ਭੁਲਾ ਦਿੰਦਾ ਹੈ।

ਸਹਜ ਸਨੇਹ ਗੇਹ ਬਿਸਮ ਬਿਦੇਹ ਰੂਪ ਸ੍ਵਾਂਤਬੂੰਦ ਗਤਿ ਸੀਪ ਸੰਪਟ ਸਮਾਨੇ ਹੈ ।

ਸਹਜ ਸਨੇਹ ਸ੍ਵਾਭਾਵਿਕੀ ਪ੍ਯਾਰ ਆਤਮ ਰਤੀ ਆਤਮ ਕ੍ਰੀੜਾ ਦੀ ਮੰਦਿਰ ਰੂਪ ਜੋ ਇਹ ਹੈਰਾਨ ਕਰਨ ਵਾਲੀ ਬਿਦੇਹ ਸਰੂਪ ਅਵਸਥਾ ਹੈ; ਇਸ ਵਿਖੇ ਐਉਂ ਲਿਵਲੀਣ ਰਹਿੰਦਾ ਹੈ; ਜੀਕੂੰ ਕਿ ਸ੍ਵਾਂਤੀ ਬੂੰਦ ਨੂੰ ਗਤਿ ਪ੍ਰਾਪਤ ਕਰ ਕੇ ਸਿੱਪੀ ਸੰਪਟ ਡੱਬੇ ਦੀ ਤਰਾਂ ਸਮਾਨੇ ਭਿੜੀ ਰਹਿੰਦੀ ਹੈ; ਭਾਵ ਆਪਣੇ ਆਪ ਵਿਚ ਅਜਰ ਨੂੰ ਜਰੀ ਰਖਦਾ ਹੈ।

ਚਰਨ ਸਰਨ ਸੁਖ ਸਾਗਰ ਕਟਾਛ ਕਰਿ ਮੁਕਤਾ ਮਹਾਂਤ ਹੁਇ ਅਨੂਪ ਰੂਪ ਠਾਨੇ ਹੈ ।੪੨੯।

ਤਾਤਪਰਯ ਕੀਹ ਕਿ ਸਤਿਗੁਰਾਂ ਦੇ ਸੁਖ ਸਮੁੰਦ੍ਰ ਚਰਣਾਂ ਦੀ ਸਰਨ ਇਸ ਪ੍ਰਕਾਰ ਰਹਿਣ ਕਰ ਕੇ ਕ੍ਰਿਪਾ ਕਟਾਖ੍ਯ ਦੇ ਪ੍ਰਭਾਵ ਨਾਲ ਉਹ ਮਹਾਂਤ ਮਹਾਨ ਅੰਤਾਕਰਣ ਵਾਲਾ ਮੋਤੀ ਬਣ ਕੇ ਉਪਮਾ ਤੋਂ ਰਹਿਤ ਸਰੂਪ ਵਾਲਾ ਪਰਮ ਪ੍ਰਕਾਸ਼ ਸਰੂਪ ਬਣ ਜਾਇਆ ਕਰਦਾ ਹੈ; ਅਥਵਾ ਜੀਕੂੰ ਸਿੱਪੀ ਵਚ ਮਗਨ ਰਹਿ ਕੇ ਸ੍ਵਾਂਤੀ ਬੂੰਦ ਮੋਤੀ ਬਣ ਜਾਇਆ ਕਰਦੀ ਹੈ; ਏਕੂੰ ਹੀ ਸਤਿਗੁਰਾਂ ਦੇ ਚਰਣਾਂ ਦੀ ਸਰਨ ਵਿਖੇ ਸਮਾਇਆ ਮਨ ਮਹਾਨ ਮੁਕਤੀ ਕੈਵਲ੍ਯ ਮੁਕਤੀ ਸੰਪੰਨ ਹੋਯਾ ਅਨੂਪਮ ਰੂਪ ਵਾਲਾ ਸਾਖ੍ਯਾਤ ਪਾਰਬ੍ਰਹਮ ਸਰੂਪ ਹੀ ਬਣ ਜਾਯਾ ਕਰਦਾ ਹੈ ॥੪੨੯॥


Flag Counter