ਪਹਿਲ ਪ੍ਰਥਮੇਂ ਸਤਿਗੁਰੂ ਹਰ ਭਾਂਤ ਹੀ ਕਿਰਪਾ ਕਰ ਕਰ ਕੇ ਸਿਖ੍ਯਾ ਪ੍ਰਾਤ੍ਰ ਸਿਖ੍ਯਾ ਧਾਰੀ ਅਪਣੇ ਸਿੱਖ ਦੇ ਹਿਰਦੇ ਵਿਚ ਵੱਸਦੇ ਹਨ ਭਾਵ ਅਪਣੇ ਆਪ ਨੂੰ ਓਸ ਦਾ ਪੂਰਨ ਸ਼ਰਧਾ ਮਾਤ੍ਰ ਅਰੁ ਉਸ ਦੇ ਪੂਰੇ ਪੂਰੇ ਪ੍ਰੇਮ ਤਥਾ ਭਰੋਸੇ ਦਾ ਅਸਥਾਨ ਬਣੌਂਦੇ ਹਨ। ਤਿਸ ਤੋਂ ਉਪੰਤ੍ਰ ਓਸ ਨੂੰ ਅਮੁਕਾ ਕਾਰਜ ਨਹੀਂ ਕਰਨਾ ਅਰੁ ਅਮੁਕਾ ਕਰਣਾ ਹੈ, ਇਸ ਪ੍ਰਕਾਰ ਦੀ ਬਿਬੇਕ ਮਈ ਆਗ੍ਯਾ ਦਿੰਦੇ ਹਨ। ਤੇ ਆਗਿਆ ਕਰ ਕੇ ਭੀ ਆਪ ਹੀ ਹਿਤ ਪ੍ਯਾਰ ਭਰੇ ਦ੍ਯਾਲੂ ਢੰਗ ਨਾਲ ਓਸ ਤੋਂ ਓਸ ਆਗ੍ਯਾ ਨੂੰ ਮਨਵੌਂਦੇ ਹਨ।
ਸੋ ਜਦ ਇਉਂ ਉਹ ਗੁਰੂ ਮਹਾਰਾਜ ਦੇ ਸਿਖਾਏ ਗਿਆਨ ਅਨੁਸਾਰ ਆਗਿਆ ਪਾਲਨ ਕਰਦਾ ਹੈ ਤਾਂ ਓਸ ਨੂੰ ਪਰਮ ਭੰਡਾਰ ਆਤਮਕ ਨਿਧੀਆਂ ਦੇ ਅਸਥਾਨ ਰੂਪ ਅਨਭਉ ਦਾ ਦਾਨ ਵਿਗ੍ਯਾਨ ਬਖ਼ਸ ਦਿੰਦੇ ਹਨ। ਜਿਸ ਦੇ ਪ੍ਰਭਾਵ ਕਰ ਕੇ ਗੁਰਮੁਖ ਗੁਰ ਸਿਖ ਸੁਖ ਬ੍ਰਹਮਾ ਨੰਦ ਰੂਪ ਫਲ ਵਲੇ ਨਿਜ ਪਦ ਨੂੰ ਪ੍ਰਾਪਤ ਕਰ ਲੈਂਦਾ ਹੈ।
ਅਰਥਾਤ ਨਾਮ ਹੈ ਨਿਸ਼ਕਾਮ ਨਿਰਵਿਕਲਪ ਅਫੁਰ ਪਦ ਜਿਸ ਦਾ, ਓਸ ਵਿਖੇ ਲਿਵ ਲਗਾ ਕੇ ਉਹ ਸਹਿਜੇ ਹੀ ਇਸਥਿਤ ਹੋਯਾ ਰਹਿੰਦਾ ਹੈ। ਜਿਸ ਦੀ ਕਥਾ ਨਾ ਗਾਹੀ ਜਾ ਸਕਨ ਵਾਲੀ ਅਗਾਧ ਹੋਣ ਕਰ ਕੇ ਅਗੰਮ ਪਹੁੰਚ ਤੋਂ ਪਾਰ ਹੈ ਤੇ ਕਹਿਣ ਵਿਚ ਨਹੀਂ ਆ ਸਕਦੀ।
ਤਾਂ ਤੇ ਇਸ ਪ੍ਰਕਾਰ ਜੇਹੋ ਜੇਹੀ ਕੋਈ ਸ਼ਰਧਾ ਭੌਣੀ ਅਪਣੇ ਅੰਦਰ ਧਾਰ ਕੇ ਸਤਿਗੁਰਾਂ ਦੇ ਚਰਣ ਕਮਲਾਂ ਨੂੰ ਪੂਜਦਾ ਅਰਾਧਦਾ ਹੈ ਉਹ ਓਸੇ ਓਸੇ ਭਾਂਤ ਹੀ ਸਾਰੇ ਸੰਸਾਰ ਦੇ ਮਨੋਰਥਾਂ ਨੂੰ ਪੂਰਣ ਕਰ੍ਯਾ ਕਰਦੇ ਹਨ ॥੧੭੮॥