ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 189


ਪੂਰਨ ਬ੍ਰਹਮ ਗੁਰ ਪੂਰਨ ਕ੍ਰਿਪਾ ਜਉ ਕਰੈ ਹਰੈ ਹਉਮੈ ਰੋਗੁ ਰਿਦੈ ਨਿੰਮ੍ਰਤਾ ਨਿਵਾਸ ਹੈ ।

ਪੂਰਨ ਬ੍ਰਹਮ ਸਰੂਪ ਪੂਰੇ ਗੁਰੂ ਜਦ ਪੂਰੀ ਪੂਰੀ ਕ੍ਰਿਪਾ ਕਰਦੇ ਹਨ, ਤਦ ਹਉਮੈਂ ਦੇ ਰੋਗ ਨੂੰ ਦੂਰ ਕਰ ਦਿੰਦੇ ਹਨ ਤੇ ਹਿਰਦੇ ਅੰਦਰ ਨਿੰਮ੍ਰਤਾ ਦਾ ਵਾਸਾ ਹੋ ਔਂਦਾ ਹੈ।

ਸਬਦ ਸੁਰਤਿ ਲਿਵਲੀਨ ਸਾਧਸੰਗਿ ਮਿਲਿ ਭਾਵਨੀ ਭਗਤਿ ਭਾਇ ਦੁਬਿਧਾ ਬਿਨਾਸ ਹੈ ।

ਐਸਾ ਨਿੰਮ੍ਰਤਾ ਪ੍ਰਾਪਤ ਪੁਰਖ ਸਤ ਸੰਗਤ ਵਿਚ ਮਿਲ ਕੇ ਗੁਰ ਉਪਦੇਸ਼ ਨੂੰ ਸੁਣ ਕਰ ਕੇ ਉਸ ਵਿਖੇ ਲਿਵ ਤਾਰ ਲਗਾ ਕੇ ਲੀਨ ਹੋ ਜਾਂਦਾ ਹੈ। ਅਰੁ ਭਗਤੀ ਭਾਵ ਵਾਲੀ ਭਾਵਨਾ, ਅਰਥਾਤ ਸਤਿਗੁਰ ਦੇ ਸ਼ਬਦ ਨਾਲ ਪੂਰਣ ਪ੍ਰੀਤ ਲਗਾ ਕੇ ਓਨਾਂ ਉਪਰ ਓਸ ਦੀ ਭੌਣੀ ਸ਼ਰਧਾ ਦ੍ਰਿੜ੍ਹ ਹੋ ਜਾਂਦੀ ਹੈ। ਦੁਬਿਧਾ ਸਮੂਲਚੀ ਨਾਸ਼ ਹੋ ਜਾਂਦੀ ਹੈ। ਭਾਵ ਬਿਨਾਂ ਸਤਿਗੁਰੂ ਅਰੁ ਨਾਮ ਦੇ ਹੋਰ ਦੂਆ ਕੋਈ ਮਨੋਰਥ ਪੂਰਣ ਕਰਣਹਾਰਾ ਓਸ ਨੂੰ ਸੁਝਨੋਂ ਬੰਦ ਹੋ ਜਾਂਦਾ ਹੈ।

ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਨ ਪੂਰਨ ਹੋਇ ਬਿਸਮ ਬਿਸਵਾਸ ਬਿਖੈ ਅਨਭੈ ਅਭਿਆਸ ਹੈ ।

ਇਸ ਪ੍ਰਕਾਰ ਅੰਮ੍ਰਿਤ ਦੇ ਭੰਡਾਰ ਵਿਚੋਂ ਪ੍ਰੇਮ ਰਸ ਨੂੰ ਪਨ ਕਰ ਛਕ ਕਰ ਕੇ ਤ੍ਰਿਪਤ ਹੋਯਾ ਹੋਯਾ ਜਿਸ ਵਿਸ਼੍ਵਾਸ ਨਿਸਚੇ ਦਾ ਧਾਰਣਾ ਬਿਸਮ ਬਿਖਮ ਅਤ੍ਯੰਤ ਬਿਖੜਾ ਅਉਖਾ ਹੈ, ਓਸੀ ਵਿਖੇ ਅਨਭਉ ਯਥਾਰਥ ਗਿਆਨ ਸਾਮਰਤੱਖ ਪ੍ਰਤੀਤ ਕਰਨ ਵਾਲੇ ਭਾਵ ਨੂੰ ਪ੍ਰਾਪਤ ਹੋ ਕੇ ਬਾਰੰਬਾਰ ਪ੍ਰਵਿਰਤ ਰਹਿਣ ਲਗ ਪੈਂਦਾ ਹੈ।

ਸਹਜ ਸੁਭਾਇ ਚਾਇ ਚਿੰਤਾ ਮੈ ਅਤੀਤ ਚੀਤ ਸਤਿਗੁਰ ਸਤਿ ਗੁਰਮਤਿ ਗੁਰ ਦਾਸ ਹੈ ।੧੮੯।

ਇਉਂ ਅਭ੍ਯਾਸ ਵਿਚ ਸਹਿਜ ਸੁਭਾਵ ਹੀ ਓਸ ਨੂੰ ਚਾਅ ਚੜ੍ਹਿਆ ਰਹਿੰਦਾ ਹੈ ਤੇ ਇਸੇ ਹੀ ਭਰੇ ਹੋਏ ਉਤਸ਼ਾਹ ਕਾਰਣ ਉਸ ਦਾ ਚਿੱਤ ਚਿੰਤਾ ਤੋਂ ਅਤੀਤ ਉਪ੍ਰਾਮ ਨਿਰਲੇਪ ਰਹਿੰਦਾ ਹੈ। ਅਰੁ ਸਤਿਗੁਰੂ ਸਤ੍ਯ ਸਰੂਪ ਹਨ ਤੇ ਓਨਾਂ ਦੀ ਗੁਰਮਤਿ ਸਿੱਖ ਮੱਤ ਭੀ ਸਤ੍ਯ ਸਰੂਪੀ ਹੈ ਐਸਾ ਨਿਸਚਾ ਧਾਰਣ ਹਾਰਾ ਉਹ ਸੱਚਾ ਗੁਰੂ ਕਾ ਦਾਸ ਹੈ ॥੧੮੯॥


Flag Counter