ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 183


ਸਤਿਗੁਰ ਦਰਸ ਧਿਆਨ ਅਸਚਰਜ ਮੈ ਦਰਸਨੀ ਹੋਤ ਖਟ ਦਰਸ ਅਤੀਤ ਹੈ ।

ਸਤਿਗੁਰਾਂ ਦੇ ਅਸਚਰਜ ਸਰੂਪੀ ਦਰਸ਼ਨ ਦੇ ਧਿਆਨ ਵਾਲੇ ਦਰਸਨੀ ਦਰਸ਼ਨ ਕਰਣ ਹਾਰੇ ਹੁੰਦੇ ਹੋਏ ਛੀਆਂ ਦਰਸ਼ਨਾਂ ਤੋਂ ਵਾ ਛੀਆਂ ਦੇ ਦਰਸ਼ਨਾ ਤੋਂ ਰਹਿਤ ਹੋ ਜਾਂਦੇ ਹਨ ਅਰਥਾਤ ਨ੍ਯਾਇ ਮੀਮਾਂਸਾ, ਸਾਂਖ, ਯੋਗ, ਵੇਦਾਂਤ ਰੂਪ ਦਰਸ਼ਨਾਂ ਵਾਲੀ ਪ੍ਰਵਿਰਤੀ ਤੋਂ ਅਥਵਾ ਮਨ ਪ੍ਰਾਣ ਅਰੁ ਸ਼ਰੀਰ ਦਿਆਂ ਹਰਖ ਸੋਗ ਭੁਖ ਪਿਆਸ ਤਥਾ ਜਨਮ ਮਰਣ ਆਦਿ ਸੁਭਾਵਾਂ ਦੀ ਬਾਧਾ ਕੁਦਰਤੀ ਪੀੜਾ ਦੇ ਦਰਸ਼ਨ ਤੋਂ ਰਹਿਤ ਹੋ ਜਾਂਦੇ ਹਨ, ਯਾ ਜੋਗੀ ਜੰਗਮ ਸ੍ਰੇਵੜੇ ਬੈਰਾਗੀ ਸੰਨਿਆਸੀ ਕਾਪੜੀ ਆਦਿ ਪ੍ਰਸਿਧ ਭੇਖਾਂ ਮਤਾਂ ਦੇ ਦਰਸ਼ਨ ਦੀ ਭਟਕਨਾ ਤੋਂ ਮੁਕਤ ਹੋ ਜਾਂਦੇ ਹਨ।

ਸਤਿਗੁਰ ਚਰਨ ਸਰਨਿ ਨਿਹਕਾਮ ਧਾਮ ਸੇਵਕੁ ਨ ਆਨ ਦੇਵ ਸੇਵਕੀ ਨ ਪ੍ਰੀਤਿ ਹੈ ।

ਸਤਿਗੁਰਾਂ ਦੇ ਚਰਣਾਂ ਦੀ ਸ਼ਰਣ ਰਹਿਣ ਕਰ ਕੇ ਓਨਾਂ ਦਾ ਧਾਮ ਨਿਵਾਸ ਅਸਥਾਨ ਨਿਸ਼ਕਾਮ ਪਦ ਨਿਰਵਿਕਲਪ ਅਫੁਰ ਪਦ ਬਣਿਆ ਰਹਿੰਦਾ ਹੈ ਵਾ ਸੁਰਗ ਵੈਕੁੰਠ ਅਥਵਾ ਚਾਰ ਧਾਮ ਆਦਿ ਦੇ ਨਿਵਾਸ ਦੀ ਯਾਤ੍ਰਾ ਵੱਲੋਂ ਨਿਸ਼ਾਕਮ ਅਚਾਹ ਹੋਏ ਰਹਿੰਦੇ ਹਨ, ਤਥਾ ਸਤਿਗੁਰਾਂ ਤੋਂ ਛੁੱਟ ਦੂਸਰੇ ਕਿਸੇ ਦੇਵੀ ਦੇਵ ਆਦਿ ਦਾ ਸੇਵਕ ਹੋਣਾ ਓਨ੍ਹਾਂ ਨੂੰ ਨਹੀਂ ਰੁਚਦਾ ਤੇ ਨਾ ਹੀ ਕਿਸੇ ਹੋਰ ਦੇਵਤਾ ਇਸ਼ਟ ਦੇਵ ਦੀ ਸੇਵਾ ਦੀ ਹੀ ਪ੍ਰੀਤ ਉਮੰਗ ਓਨਾਂ ਅੰਦਰ ਪੈਦਾ ਹੀ ਹੋਯਾ ਕਰਦੀ ਹੈ।

ਸਤਿਗੁਰ ਸਬਦ ਸੁਰਤਿ ਲਿਵ ਮੂਲਮੰਤ੍ਰ ਆਨ ਤੰਤ੍ਰ ਮੰਤ੍ਰ ਕੀ ਨ ਸਿਖਨ ਪ੍ਰਤੀਤਿ ਹੈ ।

ਐਸਾ ਹੀ ਸਤਿਗੁਰਾਂ ਦੇ ਸ਼ਬਦ ਵਿਖੇ ਸੁਰਤ ਦੀ ਲਿਵ ਨੂੰ ਹੀ ਅਪਣਾ ਮੁੱਖ ਮੰਤ੍ਰ ਪਰਮ ਮੰਤ੍ਰ ਸਮਝਦੇ ਹਨ ਤੇ ਇਸ ਤੋਂ ਬਿਨਾਂ ਹੋਰ ਤੰਤ੍ਰ ਖ਼ਾਸ ਖ਼ਾਸ ਔਖਦੀਆਂ ਆਦਿ ਦੇ ਮਿਲਾਪ ਤੋਂ ਉਚਾਟਨ ਮੋਹਨ ਮਾਰਣ ਵਸੀ ਕਣ ਆਦਿ ਪ੍ਰਯੋਗਾਂ ਦੇ ਸਾਧਨ ਹਾਰੇ ਸਾਧਨਾ ਅਰੁ ਖ਼ਾਸ ਅਖਰਾਂ ਦ੍ਵਾਰੇ ਉਕਤ ਸਿੱਧੀਆਂ ਖਾਤਰ ਕਲਪੇ ਮੰਤ੍ਰਾਂ ਉਪਰ ਗੁਰ ਸਿੱਖਾਂ ਨੂੰ ਭਰੋਸਾ ਹੀ ਨਹੀਂ ਹੁੰਦਾ।

ਸਤਿਗੁਰ ਕ੍ਰਿਪਾ ਸਾਧਸੰਗਤਿ ਪੰਗਤਿ ਸੁਖ ਹੰਸ ਬੰਸ ਮਾਨਸਰਿ ਅਨਤ ਨ ਚੀਤ ਹੈ ।੧੮੩।

ਸਤਿਗੁਰਾਂ ਦੀ ਕਿਰਪਾ ਤਥਾ ਸਾਧ ਸੰਗਤ ਦੀ ਪੰਗਤ ਪਾਲ ਕਤਾਰ ਵਿਚ ਬੈਠਨ ਵਿਖੇ ਹੀ ਉਹ ਸਾਰੇ ਸੁਖ ਮੰਨਦੇ ਹਨ, ਤੇ ਕੇਵਲ ਇਸੇ ਸਤਿਸੰਗ ਸਰੂਪ ਮਾਨ ਸਰੋਵਰ ਦੇ ਹੰਸ ਬਿਬੇਕ ਗੁਰ ਸਿਖਾਂ ਦੀ ਬੰਸ ਵਿਖੇ ਸ਼ਾਮਲ ਰਹਿ ਕੇ ਹੋਰ ਹੋਰ ਹੋਰ ਸਪ੍ਰੰਦਾਵਾਂ ਵੱਲ ਚਿੱਤ ਨੂੰ ਨਹੀਂ ਦਿਆ ਕਰਦੇ ॥੧੮੩॥


Flag Counter