ਉਕਤ ਭਾਂਤ ਦੇ ਗੁਰ ਸਿੱਖ ਹੀ ਸਾਧ ਸਰੂਪ ਹੁੰਦੇ ਹਨ ਹੋਰ ਕੋਈ ਨਿਰੋਲ ਗੇਰੂਏ ਚਿੰਨ ਮਾਤ੍ਰ ਭੇਖ ਵਾਲੇ ਸਾਧ ਨਹੀਂ ਇਨਾਂ ਦੇ ਅੰਦਰ ਅੰਗ ਅੰਗ ਵਿਖੇ ਗੁਰੂ ਕੇ ਪ੍ਰੇਮ ਦਾ ਰੰਗ ਖਿੜਿਆ ਹੋਇਆ ਹੁੰਦਾ ਹੈ, ਜਿਸ ਕਰ ਕੇ ਅੰਗ ਅੰਗ ਵਿਖੇ ਰੱਬੀ ਛਬਿ ਸੁੰਦਰਤਾ ਦਮਕ ਛਾਈ ਹੋਈ ਹੁੰਦੀ ਹੈ। ਦੇਹ ਵੱਲੋਂ ਤਾਂ ਬਿਦੇਹ ਹੋਏ ਰਹਿੰਦੇ ਹਨ ਭਾਵ ਸਾਰੀਰਿਕ ਲਿੰਬਾ ਪੋਚੀ ਵਾ ਸੁਖ ਦੁਖ ਆਦਿ ਨੂੰ ਮੂਲੋਂ ਹੀ ਭੁਲਾ ਕੇ ਆਤਮ ਭਾਵ ਨਿਜ ਰੂਪ ਵਿਖੇ ਦ੍ਰਿੜ ਰਹਿੰਦੇ ਹਨ, ਅਤੇ ਇਸੇ ਕਰ ਕੇ ਹੀ ਸੰਸਾਰੀਆਂ ਵਤ ਵਰਤਦੇ ਹੋਏ ਭੀ ਨਿਰੰਕਾਰੀ ਹੁੰਦੇ ਹਨ।
ਦੇਖਣ ਜੋਗ ਜੋ ਕੁਛ ਭੀ ਓਨਾਂ ਦੇ ਦਰਸਿ ਦੇਖਣ ਦ੍ਰਿਸ਼ਟੀ ਵਿਚ ਔਂਦਾ ਹੈ, ਉਸ ਸਮੂਹ ਦਰਸ਼ਨ ਵਿਖੇ ਸਮ ਇਕ ਰਸ ਸਰੂਪ ਬ੍ਰਹਮ ਹੀ ਦਿਖਾਈ ਦਿੰਦਾ ਹੋਇਆ ਧਿਆਨ ਵਿਚ ਲਿਆਉਂਦੇ ਹਨ। ਅਰੁ ਜੋ ਕੁਛ ਸ਼ਬਦ ਮਾਤ੍ਰ ਸੁਰਤਿ ਕੰਨਾਂ ਅੰਦਰ ਸੁਣਾਈ ਦਿੰਦਾ ਹੈ ਉਸ ਨੂੰ ਗੁਰ ਬ੍ਰਹਮ ਸ਼ਬਦ ਸਰੂਪ ਹੀ ਵੀਚਾਰਦੇ ਖਿਆਲ ਅੰਦਰ ਲਿਔਂਦੇ ਮਨਨ ਕਰਦੇ ਹਨ।
ਗੁਰ ਉਪਦੇਸ਼ ਵਿਚ ਪਰਵੇਸ ਸਮਾਈ ਪਾ ਕੇ ਗੁਰਬਾਣੀ ਨੂੰ ਲਿਖਦਿਆਂ ਲਿਖਦਿਆਂ ਉਹ ਅਲੇਖ ਹੋ ਜਾਂਦੇ ਵਾ ਲਿਖੰਤ ਵੱਲੋਂ ਅਲੇਖ ਹੋ ਜਾਂਦੇ ਹਨ, ਅਰਥਾਤ ਧਰਮਰਾਜ ਦਿਆਂ ਲੇਖਿਆਂ ਤੋਂ ਛੁਟ ਜਾਂਦੇ ਹਨ, ਅਰੁ ਸਤਿਗੁਰਾਂ ਦੀ ਸਰਨਿ ਪੈਰਾਂ ਕਰ ਕੇ ਚੱਲਦਿਆਂ ਵਿਕਾਰੀਓਂ ਪਰਉਪਕਾਰੀ ਬਣ ਜਾਂਦੇ ਹਨ।
ਸੋ ਇਸ ਪ੍ਰਕਾਰ ਦੇ ਜੋ ਗੁਰਸਿੱਖ ਪੂਰਨ ਬ੍ਰਹਮ ਸਤਿਗੁਰੂ ਜੀ ਦੇ ਅਗ੍ਰਭਾਗ ਸਨਮੁਖ ਆਗਿਆਕਾਰੀ ਬਣੇ ਓਨਾਂ ਉਪਰੋਂ ਪ੍ਰਦਖਣਾ ਕਰਦੇ ਵਾਰਣੇ ਜਾਂਦੇ ਹਨ, ਓਨਾਂ ਦੀ ਪ੍ਰਕਰਮਾ ਆਦਿ ਦ੍ਵਾਰੇ ਸਾਖ੍ਯਾਤ ਬ੍ਰਹਮ, ਬਿਸ਼ਨੂੰ ਮਹੇਸ਼੍ਵਰ ਪੂਜਨ ਕਰਿਆ ਕਰਦੇ ਹਨ ॥੨੬੦॥