ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 301


ਦ੍ਰਿਸਟਿ ਦਰਸ ਲਿਵ ਦੇਖੈ ਅਉ ਦਿਖਾਵੈ ਸੋਈ ਸਰਬ ਦਰਸ ਏਕ ਦਰਸ ਕੈ ਜਾਨੀਐ ।

ਗੁਰਮੁਖ ਦੀ ਦ੍ਰਿਸ਼ਟੀ ਤੱਕਨੀ ਦਰਸ਼ਨ ਦੀ ਲਿਵ ਵਿਚ ਇਸਥਿਤ ਹੋਈ ਹੋਈ, ਸੋਈ ਓਹੋ ਕੁਛ ਹੀ ਬ੍ਰਹਮ ਹੀ ਬ੍ਰਹਮ ਦੇਖਦੀ ਅਤੇ ਦਿਖੌਂਦੀ ਹੈ, ਕਿਯੋਂਕਿ ਓਸ ਨੇ ਸਮੂਹ ਦਰਸ਼ਨ, ਇਕੋ ਦਰਸ਼ਨ ਪਾਰਬ੍ਰਹਮ ਸਰੂਪ ਵਿਖੇ ਹੀ ਲੀਨ ਜਾਣ ਲਏ ਹਨ।

ਸਬਦ ਸੁਰਤਿ ਲਿਵ ਕਹਤ ਸੁਨਤ ਸੋਈ ਸਰਬ ਸਬਦ ਏਕ ਸਬਦ ਕੈ ਮਾਨੀਐ ।

ਸੁਰਤਿ ਕੰਨਾਂ ਦੀ ਸੁਨਣ ਹਾਰੀ ਸ਼ਕਤੀ ਦੀ ਸਬਦ ਗੁਰਸ਼ਬਦ ਦੀ ਅਨਹਦ ਸਰੂਪ ਤਾਰ ਦਿਬ ਧੁਨੀ ਵਿਖੇ, ਲਿਵ ਲਗ ਜਾਣ ਕਰ ਕੇ ਉਹ ਸਮੂਹ ਸ਼ਬਦਾਂ ਬਚਨ ਬਿਲਾਸ ਮਾਤ੍ਰ ਦੀ ਧੁਨੀ ਨੂੰ ਹੀ ਇਕ ਸ਼ਬਦ ਮਾਤ੍ਰ ਬ੍ਰਹਮ ਸ਼ਬਦ ਸਰੂਪ ਹੀ ਮੰਨਿਆ ਨਿਸਚੇ ਕਰਿਆ ਕਰਦਾ ਹੈ। ਭਾਵ ਓਸ ਦਾ ਸੁਨਣਾ ਸੁਨਾਣਾ ਸਭ ਬ੍ਰਹਮ ਸਰੂਪ ਹੀ ਹੁੰਦਾ ਹੈ।

ਕਾਰਨ ਕਰਨ ਕਰਤਗਿ ਸਰਬਗਿ ਸੋਈ ਕਰਮ ਕ੍ਰਤੂਤਿ ਕਰਤਾਰੁ ਪਹਿਚਾਨੀਐ ।

ਕਰਮ ਦਾ ਹੇਤੂ ਪ੍ਰੇਰਕ ਰੂਪ ਮਨ ਕਰਨ ਦੇ ਸਾਧਨ ਸਰੂਪ ਇੰਦ੍ਰੀਆਂ ਗ੍ਯਾਨ ਕਰਮ ਇੰਦ੍ਰੀਆਂ ਯਾ ਏਨਾਂ ਦਾ ਸੰਘਾਤ ਵਾ ਆਧਾਰ ਰੂਪ ਸਾਰੀਰ ਕਰਤਗਿ ਕਰਤਬਯ ਸ਼ਬਦ ਦਾ ਵਿਗੜ ਕੇ ਬਣ੍ਯਾ ਹੋਯਾ ਹੈ। ਕਰਣ ਜੋਗ ਕਾਰਯ ਦਾ ਨਿਸਚਾ ਕਰਣ ਹਾਰੀ ਬੁੱਧੀ, ਜੋ ਕਾਰਯ ਸ੍ਵਯੰ ਕੀਤਾ ਜਾਵੇ, ਜਾਂ ਜਿਸ ਉਪਰ ਕਰਮ ਦਾ ਪ੍ਰਭਾਵ ਪਵੇ ਐਸਾ ਚਿੱਤ ਤਥਾ ਵਰਤਾਰੇ ਵਿਚ ਆ ਚੁਕੀ ਕਾਰਵਾਈ ਕਮਾਈ ਕਰਤੱਤ ਤੋਂ ਪ੍ਰਗਟ ਹੋਣ ਹਾਰਾ ਅੰਤਰ ਵਰਤੀ ਭਾਵ ਅਹੰਤਾ ਅਤੇ ਇਨਾਂ ਸਭ ਦਾ ਕਰਤਾਰ ਕਰਤਾ ਪੁਰਖ ਜੀਵ ਆਤਮਾ ਵਾਹਿਗੁਰੂ ਸਰਬ ਬ੍ਯਾਪੀ ਨੂੰ ਹੀ ਸਰਬ ਰੂਪ ਹੋਯਾ ਪਛਾਣਦਾ ਹੈ। ਤਾਤਪ੍ਰਯ ਕੀਹ ਕਿ ਸਾਰਿਆਂ ਕਾਰਕ ਭਾਵਾਂ ਵਿਚ ਵਰਤਦਾ ਵਰਤੌਂਦਾ ਹੋਯਾ ਗੁਰਮੁਖ ਇਕ ਮਾਤ੍ਰ ਵਾਹਗੁਰੂ ਅੰਤਰਯਾਮੀ ਨੂੰ ਹੀ ਸਤ੍ਯ ਸਰੂਪ ਪਛਾਣ੍ਯਾ ਅਨਭਉ ਕਰਿਆ ਕਰਦਾ ਹੈ ਦੁਈ ਦੀ ਰਿਜਮ ਤਾਂ ਓਸ ਦੇ ਅੰਤਰ ਨਹੀਂ ਕਰ੍ਯਾ ਕਰਦੀ।

ਸਤਿਗੁਰ ਗਿਆਨ ਧਿਆਨੁ ਏਕ ਹੀ ਅਨੇਕ ਮੇਕ ਬ੍ਰਹਮ ਬਿਬੇਕ ਟੇਕ ਏਕੈ ਉਰਿ ਆਨੀਐ ।੩੦੧।

ਤਾਂ ਤੇ ਪੁਰਖ ਇਕ ਅਕਾਲੀ ਪ੍ਰਕਾਸ਼ ਹੀ ਅਨੇਕਾਂ ਵਿਚ ਮਿਲਿਆ ਹੋਯਾ ਹੈ, ਐਸੇ ਸਤਿਗੁਰਾਂ ਦੇ ਇਸ ਗਿਆਨ ਤਥਾ ਇਸੇ ਨਿਸਚੇ ਵਿਖੇ ਹੀ ਨਿਗ੍ਹਾ ਦੀ ਪ੍ਰਪੱਕਤਾ ਰੂਪ ਧਿਆਨ ਨੂੰ ਧਾਰਣ ਕਰਦਾ, ਇਸ ਪ੍ਰਕਾਰ ਦੇ ਬ੍ਰਹਮ ਬਿਬੇਕ ਬ੍ਰਹਮ ਵੀਚਾਰ ਦੀ ਟੇਕ ਇਸਥਿਤੀ ਦੇ ਸਹਾਰੇ ਇਕੋ ਹੀ ਇਕ ਅਕਾਲ ਪੁਰਖ ਅੰਤ੍ਰਯਾਮੀ ਨੂੰ ਉਰਿ ਆਨੀਐ ਅਪਣੇ ਅੰਦਰ ਲ੍ਯਾਵੇ, ਭਾਵ ਜ੍ਯੋਂਕੇ ਤ੍ਯੋਂ ਅਨੁਭਵ ਨੂੰ ਪ੍ਰਾਪਤ ਹੋਵੇ ॥੩੦੧॥