ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 43


ਕਿੰਚਤ ਕਟਾਛ ਦਿਬਿ ਦੇਹ ਦਿਬਿ ਦ੍ਰਿਸਟਿ ਹੁਇ ਦਿਬਿ ਜੋਤਿ ਕੋ ਧਿਆਨੁ ਦਿਬਿ ਦ੍ਰਿਸਟਾਤ ਕੈ ।

ਜਦ ਮਨੁੱਖ ਸਤਿਗੁਰਾਂ ਦੀ ਸੰਗਤਿ ਵਿਚ ਆਯਾ ਤੇ ਕਿੰਚਿਤ ਕਟਾਛ ਥੋੜ੍ਹਾ ਮਾਤ੍ਰ ਅੱਖ ਭਰ ਕੇ ਉਨ੍ਹਾਂ ਤੱਕ ਲਿਆ, ਭਾਵ ਕਟ ਕਾਂਟਾ +ਅੱਛ ਅੱਖ ਦਾ = ਕਿੰਚਿਤ ਭਰ ਕ੍ਰਿਪਾ ਭਰੀ ਅੱਖ ਦੀ ਚੋਭ ਜਿਗ੍ਯਾਸੀ ਵੱਲ ਚਲਾ ਦਿੱਤੀ, ਤਾਂ ਇਤਨੇ ਮਾਤ੍ਰ ਨਾਲ ਹੀ ਓਸੀ ਦੇਹੀ ਦਿਬ ਉਜਲੇ ਭਾਵ ਵਾਲੀ ਸੁਚੀ ਸੁੰਦਰ ਬਣ ਜਾਯਾ ਕਰਦੀ ਹੈ ਤੇ ਦਿਬ੍ਯ ਦਿਸਟਿ ਅਲੌਕਿਕ ਗ੍ਯਾਨ ਸੰਪੰਨ ਸਤਿਸੰਗ ਦੀਆਂ ਰਮਜ਼ਾਂ ਸਮਝਣ ਵਾਲਾ ਹੋ ਜਾਂਦਾ ਹੈ ਅਰੁ ਦਿਬ ਜੋਤਿ ਕੇ ਈਸ੍ਵਰ ਪ੍ਰਕਾਸ਼ ਦੇ ਧਿਆਨ ਕੇ ਕਰ ਕੇ ਦਿਬ ਦ੍ਰਿਸ਼ਟਾਂਤ ਦਿਬ ਸਰੂਪ ਭਗਵੰਤ ਦ੍ਰਿਸ਼੍ਟ ਆ ਜਾਂਦਾ ਸਾਖ੍ਯਾਤਕਾਰ ਨੂੰ ਪ੍ਰਾਪਤ ਹੋ ਜਾਂਦਾ ਹੈ।

ਸਬਦ ਬਿਬੇਕ ਟੇਕ ਪ੍ਰਗਟ ਹੁਇ ਗੁਰਮਤਿ ਅਨਹਦ ਗੰਮਿ ਉਨਮਨੀ ਕੋ ਮਤਾਤ ਕੈ ।

ਸ਼ਬਦ ਸਤਿਗੁਰਾਂ ਦੇ ਉਪਦੇਸ਼ ਦਾ ਬਿਬੇਕ ਜ੍ਯੋਂ ਕਾ ਤ੍ਯੋਂ ਵੀਚਾਰ ਹੋ ਔਂਦਾ ਹੈ ਤੇ ਓਸ ਦੀ ਟੇਕ ਸਹਾਰਾ ਅੰਦਰ ਮਿਲਦੇ ਸਾਰ ਹੀ ਗੁਰਮਤਿ ਪ੍ਰਕਰਣ ਅਨੁਸਾਰੀ ਗੁਰਮੁਖੀ ਮਤਿ ਪ੍ਰਗਟ ਹੋ ਔਂਦੀ ਹੈ, ਅਤੇ ਫੇਰ ਉਸੇ ਹੀ ਭਾਵ ਵਿਖੇ ਉਨਮਨੀ ਕੋ ਉਨਮਨੀ ਅਵਸਥਾ ਯਾ ਮੁਦ੍ਰਾ ਅੰਤਰ ਨਿਸ਼ਾਨਾ ਬਾਹਰ ਦ੍ਰਿਸ਼੍ਟੀ ਭਾਵੀ ਸਾਧਨਾ ਨੂੰ ਮਤਾਂਤ ਕੈ ਮਤੋਂਦਿਆਂ ਮਤੋਂਦਿਆਂ ਮਨਨ ਕਰਦੇ ਅਭ੍ਯਾਸ ਕਰਦੇ ਹੋਏ ਅਨਹ ਗੰਮ ਬੇਹੱਦ ਮੰਡਲ ਵਿਖੇ ਵਾ ਅਨਹਦ ਧੁਨੀ ਦੇ ਸ਼੍ਰਵਣ ਦੀ ਗੰਮ ਪਹੁੰਚ ਪ੍ਰਾਪਤ ਹੋ ਜਾਂਦੀ ਹੈ।

ਗਿਆਨ ਧਿਆਨ ਕਰਨੀ ਕੈ ਉਪਜਤ ਪ੍ਰੇਮ ਰਸੁ ਗੁਰਮੁਖਿ ਸੁਖ ਪ੍ਰੇਮ ਨੇਮ ਨਿਜ ਕ੍ਰਾਤਿ ਕੈ ।

ਬੱਸ ਇਸ ਪ੍ਰਕਾਰ ਕਰ ਕੇ ਗਿਆਨ ਧਿਆਨ ਕਰਨੀ ਕੈ ਸ਼ਬਦ ਗਿਆਨ ਵਾ ਧਿਆਨ ਅਭ੍ਯਾਸ ਰੂਪ ਕਰਣੀ ਕਰ ਕੇ ਹੀ ਉਪਜ ਔਂਦਾ ਹੈ ਪ੍ਰੇਮ ਰਸ ਅਨੁਭਵ ਜਿਸ ਅਨੁਭਵ ਦ੍ਵਾਰੇ ਪ੍ਰਾਪਤ ਹੋਈ ਨਿਜ ਕ੍ਰਾਂਤਿ ਕੈ ਆਤਮਿਕ ਤੇਜਨਾ ਆਤਮਿਕ ਓਜ ਕਰ ਕੇ ਪ੍ਰੇਮ ਅਨੁਭਵੀ ਭਾਵ ਵਿਚ ਟਿਕਨ ਦੀ ਚਾਟ ਲੱਗ ਜਾਂਦੀ ਹੈ, ਤੇ ਏਸੇ ਹੀ ਨੇਮ ਇਕ ਤਾਰ ਖਿੱਚ ਟੀਚੇ ਕਾਰਣ ਵਾ ਨੇਮ ਨਿਸਚੇ ਕਰ ਕੇ ਗੁਰਮੁਖ ਨੂੰ ਸੁਖ ਬ੍ਰਹਮਾਨੰਦ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ।

ਚਰਨ ਕਮਲ ਦਲ ਸੰਪਟ ਮਧੁਪ ਗਤਿ ਸਹਜ ਸਮਾਧਿ ਮਧ ਪਾਨ ਪ੍ਰਾਨ ਸਾਂਤਿ ਕੈ ।੪੩।

ਕਮਲ ਦਲ ਸਪਟ ਕੌਲ ਫੁੱਲ ਦੇ ਪੱਤ੍ਰ ਪੰਖੜੀਆਂ ਦੇ ਡੱਬੇ ਵਿਚ ਸਿਮਟਾਉ ਵਿਖੇ ਮਧੁਪ ਗਤਿ ਭੌਰੇ ਦਸ਼ਾ ਸਮਾਨ ਭੌਰੇ ਵਾਕੂੰ ਮਧ ਪਾਨ ਅੰਮ੍ਰਿਤ ਰਸ ਅਨੁਭਵ ਰਸ ਨੂੰ ਛਕਦਾ ਹੋਇਆ ਪ੍ਰਾਨ ਮਨ ਵਾ ਸ੍ਵਾਸਾਂ ਦੀ ਗਤੀ ਅਥਵਾ ਜਾਨ ਨੂੰ ਵਿਸਾਰ ਸਤਿਗੁਰੂ ਕਰਤਾਰ ਦੇ ਚਰਣ ਕਮਲਾਂ ਵਿਖੇ ਅਥਵਾ ਉਕਤ ਚੱਲਣ = ਮਗਨਤਾਈ ਵਿਖੇ ਸ਼ਾਂਤ ਕੈ ਸ਼ਾਂਤੀ ਪੂਰਬਕ ਅਡੋਲ ਸਹਜ ਸਮਾਧ ਸੁਭਾਵਿਕੀ ਇਸਥਿਤੀ ਵਿਖੇ ਇਸਥਿਤ ਹੋਇਆ ਰਹਿੰਦਾ ਹੈ ॥੪੩॥


Flag Counter